ਘੁਮਾਣ, 10 ਮਈ (ਬੰਮਰਾਹ)-ਹਲਕਾ ਸ੍ਰੀ ਹਰਗੋਬਿੰਦਪੁਰ ਦੀ ਨਾਮਵਰ ਸੰਸਥਾ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਿਚ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਅਤੇ 10ਵੀਂ ਜਮਾਤ ਦੇ ਚੰਗੇ ਨਤੀਜੇ ਦੇ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ | ਸਵੇਰੇ 7:30 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਏ, ਜਿਸ ਤੋਂ ਬਾਅਦ ਅਰਦਾਸ ਬੇਨਤੀ ਕੀਤੀ ਗਈ | ਰਾਗੀ ਸਿੰਘਾਂ ਵਲੋਂ ਰਸਭਿੰਨਾ ਕੀਰਤਨ ਕੀਤਾ ਤੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ | ਸਕੂਲ ਦੇ ਚੇਅਰਮੈਨ ਅਮਰਿੰਦਰ ਸਿੰਘ ਚੀਮਾ ਅਤੇ ਸਕੱਤਰ ਸਰਦੂਲ ਸਿੰਘ ਚੀਮਾ ਨੇ ਵੀ ਇਨ੍ਹਾਂ ਸਮਾਗਮਾਂ ਵਿਚ ਹਾਜ਼ਰੀ ਭਰੀ | ਸਕੂਲ ਦੇ ਸਮੁੱਚੇ ਸਟਾਫ਼ ਨੇ ਧਾਰਮਿਕ ਸਮਾਗਮ ਵਿਚ ਸ਼ਰਧਾ-ਭਾਵਨਾ ਨਾਲ ਹਿੱਸਾ ਲਿਆ ਤੇ ਕੀਰਤਨ ਸਰਵਣ ਕੀਤਾ | ਪਿ੍ੰਸੀਪਲ ਡਾ. ਮਨਦੀਪ ਕੌਰ ਅਤੇ ਉਪ ਪਿ੍ੰਸੀਪਲ ਆਰਤੀ ਨੰਦਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਬੱਚਿਆਂ ਦੀ ਚੰਗੀ ਸਿਹਤ, ਸੁੱਖ ਸਮਿਧੀ ਅਤੇ ਆਉਣ ਵਾਲੇ ਸਮੇਂ ਵਿਚ ਚੰਗੀ ਪੜ੍ਹਾਈ, ਹਰ ਤਰ੍ਹਾਂ ਦੇ ਸੰਕਟ ਤੋਂ ਰੱਖਿਆ ਲਈ ਅਰਦਾਸ ਕੀਤੀ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਆਉਣ ਵਾਲੇ ਅਕਾਦਮਿਕ ਸੈਸ਼ਨ ਵਿਚ ਵੀ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਸਕੂਲ ਦਾ ਨਾਂਅ ਰੌਸ਼ਨ ਕਰਨ | ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਵਿਦਿਆਰਥੀਆਂ ਵਿਚ ਆਤਮਿਕਤਾ, ਅਨੁਸ਼ਾਸਨ ਅਤੇ ਸਕਾਰਾਤਮਕ ਸੋਚ ਨੂੰ ਪ੍ਰੇਰਿਤ ਕਰਦੇ ਹਨ ਅਤੇ ਉਨ੍ਹਾਂ ਨੂੰ ਜੀਵਨ ਵਿਚ ਕਾਮਯਾਬੀ ਵੱਲ ਲੈ ਜਾਂਦੇ ਹਨ | ਉਨ੍ਹਾਂ ਕਿਹਾ ਕਿ ਨਵੇਂ ਸੈਸ਼ਨ ਦੀ ਸ਼ੁਰੂਆਤ ਵਾਹਿਗੁਰੂ ਦੇ ਆਸ਼ੀਰਵਾਦ ਨਾਲ ਕਰਨਾ, ਵਿਦਿਆਰਥੀਆਂ ਦੇ ਚੰਗੇ ਭਵਿੱਖ, ਸ਼ਾਂਤੀ, ਖੁਸ਼ਹਾਲੀ ਅਤੇ ਕਾਮਯਾਬੀ ਲਈ ਬਹੁਤ ਮਹੱਤਵਪੂਰਨ ਹੈ | ਸਮਾਗਮ ਦੇ ਅੰਤ ਵਿਚ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਦਿਆਂ ਸਾਰੇ ਵਿਦਿਆਰਥੀਆਂ ਦੇ ਉਜਲੇ ਭਵਿੱਖ, ਚੜਦੀ ਕਲਾ ਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ |