ਗੁਰਦਾਸਪੁਰ, 11 ਮਈ (ਅਸ਼ੋਕ ਸ਼ਰਮਾ)-ਅਣਮਿਥੇ ਸਮੇਂ ਲਈ ਹੜਤਾਲ 'ਤੇ ਬੈਠੇ ਮਿੳਾੂਸੀਪਲ ਕੌਂਸਲ ਸਫ਼ਾਈ ਕਰਮਚਾਰੀਆਂ ਦੀ ਹਮਾਇਤ 'ਤੇ ਉੱਤਰਦਿਆਂ ਸੈਂਟਰਲ ਗਵਰਨਮੈਂਟ ਕੌਂਸਲ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਤੇ ਭਾਜਪਾ ਆਗੂ ਆਰ.ਕੇ ਨਡਾਲਾ ਨੇ ਡਿਪਟੀ ਕਮਿਸ਼ਨਰ ਨੰੂ ਪੱਤਰ ਲਿਖ ਕੇ ਸਫ਼ਾਈ ਕਰਮਚਾਰੀਆਂ ਦੀਆਂ ਜਾਇਜ਼ ਹੱਕੀ ਮੰਗਾਂ ਤੁਰੰਤ ਮੰਨੇ ਜਾਣ ਦੀ ਮੰਗ ਕੀਤੀ ਹੈ | ਐਡਵੋਕੇਟ ਨਡਾਲਾ ਨੇ ਕਿਹਾ ਕਿ ਸਫ਼ਾਈ ਕਰਮਚਾਰੀ ਬਿਨ੍ਹਾਂ ਜਾਨ ਦੀ ਪ੍ਰਵਾਹ ਕੀਤਿਆਂ ਹਰ ਤਰ੍ਹਾਂ ਦੇ ਮੌਸਮ ਤੇ ਹਲਾਤਾਂ 'ਚ ਡਿਊਟੀ ਨਿਭਾਉਂਦੇ ਹੋਏ ਸ਼ਹਿਰਾਂ ਦੀ ਸਾਫ਼ ਸਫ਼ਾਈ ਕਰਕੇ ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਦੇ ਹਨ | ਸ਼ਹਿਰ ਜੇਕਰ ਸਾਫ਼ ਸੁਥਰੇ ਤੇ ਲੋਕ ਤੰਦਰੁਸਤ ਹਨ ਤਾਂ ਇਨ੍ਹਾਂ ਸਫ਼ਾਈ ਕਰਮਚਾਰੀਆਂ ਦੀ ਬਦੌਲਤ ਹੀ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਫ਼ਾਈ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਨਾ ਮੰਨੇ ਜਾਣ ਕਾਰਨ ਕਰਮਚਾਰੀ ਹੜਤਾਲ 'ਤੇ ਬੈਠੇ ਹਨ | ਪਰ ਅਜੇ ਤੱਕ ਕਿਸੇ ਸਰਕਾਰੀ ਨੁਮਾਇੰਦੇ ਨੇ ਇਨ੍ਹਾਂ ਦੀ ਗੱਲ ਨਹੀਂ ਸੁਣੀ | ਜਿਸ ਕਾਰਨ ਸਫ਼ਾਈ ਕਰਮਚਾਰੀਆਂ ਦਾ ਗੁੱਸਾ ਵਧਦਾ ਜਾ ਰਿਹਾ ਹੈ | ਨਤੀਜੇ ਵਜੋਂ ਸ਼ਹਿਰਾਂ ਅੰਦਰ ਗੰਦਗੀ ਦੇ ਢੇਰ ਲੱਗ ਗਏ ਹਨ ਤੇ ਲੋਕਾਂ ਦੀ ਪ੍ਰੇਸ਼ਾਨੀ ਵਧਣ ਦੇ ਨਾਲ ਆਮ ਜਨਤਾ ਦੀ ਸਿਹਤ ਲਈ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ | ਐਡਵੋਕੇਟ ਨਡਾਲਾ ਨੇ ਮੰਗ ਕੀਤੀ ਕਿ ਹੜਤਾਲੀ ਕਰਮਚਾਰੀਆਂ ਦੀਆਂ ਮੰਗਾਂ ਨੂੰ ਤੁਰੰਤ ਵਿਚਾਰਿਆ ਜਾਵੇ ਤੇ ਲੋੜੀਂਦੇ ਕਦਮ ਚੱੁਕੇ ਜਾਣ |