ਬਟਾਲਾ, 11 ਮਈ (ਸਤਿੰਦਰ ਸਿੰਘ)-ਗੁਰਦੁਆਰਾ ਸੱਚਖੰਡ ਬੋਰਡ ਸ੍ਰੀ ਹਜੂਰ ਸਾਹਿਬ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਵਲੋਂ ਵਿਦਿਅਕ ਤੇ ਧਾਰਮਿਕ ਖੇਤਰ ਵਿਚ ਕਈ ਅਹਿਮ ਫੈਸਲੇ ਲਏ ਗਏ ਤੇ ਨਵੇਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਬੋਰਡ ਵਲੋਂ ਸਿੱਖਿਆ ਨੂੰ ਉਤਸ਼ਾਹਿਤ ਕਰਨ ਤੇ ਸੰਗਤਾਂ ਦੀ ਸਹੂਲਤ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ | ਸੱਚਖੰਡ ਪਬਲਿਕ ਸਕੂਲ ਤੇ ਖਾਲਸਾ ਹਾਈ ਸਕੂਲ ਦੇ ਸਾਲ 2026 ਦੇ 10ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦਾ ਹੌਂਸਲਾ ਵਧਾਉਣ ਲਈ ਇਨਾਮੀ ਰਾਸ਼ੀ ਵਿਚ ਭਾਰੀ ਵਾਧਾ ਕੀਤਾ ਗਿਆ ਹੈ | 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ ਪਹਿਲਾਂ ਇਨਾਮ 2100 ਤੋਂ ਵਧਾ ਕੇ 5100 ਰੁਪਏ, 85 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 1100 ਤੋਂ ਵਧਾ ਕੇ 3100 ਰੁਪਏ, 75 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 700 ਤੋਂ ਵਧਾ ਕੇ 2100 ਰੁਪਏ ਅਤੇ 60 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਹਰ ਇਕ ਵਿਦਿਆਰਥੀ ਨੂੰ 1100 ਰੁਪਏ ਦੀ ਹੌਸਲਾ ਅਫਜਾਈ ਰਾਸ਼ੀ ਦਿੱਤੀ ਜਾਵੇਗੀ | ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਗੁਰਦੁਆਰਾ ਬੋਰਡ ਵਲੋਂ ਚਲਾਈ ਜਾ ਰਹੀ ਸ੍ਰੀ ਹਜੂਰ ਸਾਹਿਬ ਆਈ.ਟੀ.ਆਈ. ਵਿਖੇ ਨਵੇਂ ਸੋਲਰ ਸਿਸਟਮ ਦਾ ਉਦਘਾਟਨ ਕੀਤਾ ਗਿਆ, ਜੋ ਸੰਸਥਾ ਨੂੰ ਊਰਜਾ ਦੇ ਖੇਤਰ ਵਿਚ ਆਤਮ-ਨਿਰਭਰ ਬਣਾਏਗਾ | ਇਸ ਦੇ ਨਾਲ ਹੀ ਗੁਰਦੁਆਰਾ ਸ੍ਰੀ ਗੋਬਿੰਦ ਬਾਗ ਸਾਹਿਬ ਵਿਖੇ ਸਥਾਨਕ ਇਕ ਪਰਿਵਾਰ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ 'ਓਪਨ ਜਿੰਮ' ਦਾ ਉਦਘਾਟਨ ਕੀਤਾ ਗਿਆ | ਇਹ ਜਿੰਮ ਸਥਾਨਕ ਨਿਵਾਸੀਆਂ ਅਤੇ ਦੂਰ-ਦੁਰਾਡਿਓਾ ਆਉਣ ਵਾਲੇ ਸ਼ਰਧਾਲੂਆਂ ਦੀ ਸਿਹਤ ਲਈ ਲਾਹੇਵੰਦ ਸਾਬਤ ਹੋਵੇਗਾ | ਉਨ੍ਹਾਂ ਦੱਸਿਆ ਕਿ ਭਿਆਨਕ ਗਰਮੀ ਨੂੰ ਵੇਖਦਿਆਂ ਦਰਸ਼ਨਾਂ ਲਈ ਆ ਰਹੀ ਸੰਗਤ ਦੀ ਸਹੂਲਤ ਲਈ ਗੁਰਦੁਆਰਾ ਸਾਹਿਬ ਦੇ ਦਸਮੇਸ਼ ਹਸਪਤਾਲ ਵਿਖੇ ਮੀਟਿੰਗ ਕੀਤੀ ਅਤੇ ਸਾਰੇ ਦਰਸ਼ਨੀ ਦੁਆਰ (6 ਗੇਟਾਂ) 'ਤੇ ਠੰਢੇ ਪਾਣੀ ਦੀਆਂ ਛਬੀਲਾਂ ਲਗਾਈਆਂ ਗਈਆਂ ਹਨ | ਇਸ ਦੇ ਨਾਲ ਹੀ ਸੰਗਤ ਦੀ ਸਹੂਲਤ ਲਈ ਮਾਈਕ੍ਰੋ-ਪੱਧਰ 'ਤੇ ਪੁਖਤਾ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਤਾਂ ਜੋ ਕਿਸੇ ਨੂੰ ਵੀ ਪ੍ਰੇਸ਼ਾਨੀ ਨਾ ਹੋਵੇ | ਇਸ ਦੌਰੇ ਸਮੇਂ ਰਵਿੰਦਰ ਸਿੰਘ ਕਪੂਰ ਸੁਪਰਡੈਂਟ ਗੁਰਦੁਆਰਾ ਸੱਚਖੰਡ ਬੋਰਡ, ਜੈਮਲ ਸਿੰਘ ਢਿੱਲੋਂ ਸਹਾਇਕ ਸੁਪਰਡੈਂਟ, ਬਲਵਿੰਦਰ ਸਿੰਘ ਫੌਜੀ ਸਹਾਇਕ ਸੁਪਰਡੈਂਟ, ਗੁਰਬਚਨ ਸਿੰਘ ਸਿਲੇਦਾਰ ਪਿ੍ੰਸੀਪਲ, ਪੀ.ਏ. ਸ੍ਰੀਮਤੀ ਬਬੀਤਾ ਕੌਰ ਚਾਹੇਲ, ਚਾਂਦ ਸਿੰਘ ਪਿ੍ੰਸੀਪਲ ਖਾਲਸਾ ਹਾਈ ਸਕੂਲ, ਅਨਿਲ ਕੌਰ ਪਿ੍ੰਸੀਪਲ ਸੱਚਖੰਡ ਪਬਲਿਕ ਸਕੂਲ ਅਤੇ ਗੁਰਦੁਆਰਾ ਸੱਚਖੰਡ ਬੋਰਡ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ |