25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪੁਲਿਸ ਨਹੀਂ ਕਰ ਰਹੀ ਕਾਰਵਾਈ-ਕਿਸਾਨ ਕਮਲਜੀਤ ਸਿੰਘ

ਅਜੀਤ ਡੈਸਕ 12-05-2026
-ਮਾਮਲਾ ਕਿਸਾਨ ਦੀ ਜ਼ਮੀਨ 'ਤੇ ਕਬਜ਼ਾ ਕਰਕੇ ਕੁੱਟਮਾਰ ਕਰਨ ਤੇ ਪਾਪੂਲਰ ਤੇ ਸਫੈਦੇ ਦੇ ਬੂਟੇ ਤਬਾਹ ਕਰਨ ਦਾ-

ਗੁਰਦਾਸਪੁਰ, 11 ਮਈ (ਅਸ਼ੋਕ ਸ਼ਰਮਾ)-ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਨਵਾਂ ਪਿੰਡ ਬਹਾਦਰ ਦੇ ਨਜ਼ਦੀਕ 420 ਏਕੜ ਦੇ ਕਰੀਬ ਜਵਾਲਾਪੁਰ ਬੇਚਿਰਾਗ਼ ਜ਼ਮੀਨ 'ਤੇੇ ਕਬਜ਼ਿਆਂ ਨੂੰ ਲੈ ਕੇ ਪਿੰਡ ਅੰਦਰ ਕਈ ਵਾਰ ਮਾਹੌਲ ਤਣਾਅਪੂਰਨ ਬਣ ਚੁੱਕਾ ਹੈ | ਇਸ ਦੇ ਬਾਵਜੂਦ ਇਸ ਜ਼ਮੀਨ 'ਤੇ ਨਿਰੰਤਰ ਕਬਜ਼ੇ ਮਾਲ ਮਹਿਕਮੇ ਦੀ ਕਥਿਤਮਿਲੀ ਭੁਗਤ ਨਾਲ ਜਾਰੀ ਹਨ | ਇਸ ਜ਼ਮੀਨ 'ਤੇੇ ਕੁਝ ਸਿਆਸੀ ਰਹਿਬਰਾਂ ਨੇ ਪਟੇ 'ਤੇ ਜ਼ਮੀਨ ਲੈ ਕੇ ਕਾਰੋਬਾਰ ਵੀ ਚਲਾਏ ਹੋਏ ਹਨ | ਇਸ ਸਬੰਧੀ ਮਾਲ ਮਹਿਕਮਾ ਵਿਧਾਨ ਸਭਾ ਹਲਕਾ ਦੀਨਾਨਗਰ ਸਭ ਕੁਝ ਜਾਣਦਾ ਹੋਇਆ ਮੂਕ ਦਰਸ਼ਕ ਬਣਿਆ ਹੈ | ਅਜਿਹਾ ਹੀ ਮਾਮਲਾ ਨਵਾਂ ਪਿੰਡ ਬਹਾਦਰ ਵਿਖੇ ਸਾਹਮਣੇ ਆਇਆ ਹੈ ਜਿਥੇ ਅੱਜ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ, ਜਦੋਂ ਦੂਜੀ ਧਿਰ ਦੇ ਸਾਬਕਾ ਚੇਅਰਮੈਨ ਮਨਜੀਤ ਸਿੰਘ ਪਸਵਾਲ ਨੇ ਕੁਝ ਵਿਅਕਤੀਆਂ ਤੇ ਹਥਿਆਰਾਂ ਸਮੇਤ 5-6 ਟਰੈਕਟਰ ਬੁਲਾ ਕੇ ਬੇਚਗ ਜ਼ਮੀਨ 'ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਪਾਪੂਲਰ ਤੇ ਸਫ਼ੈਦੇ ਦੇ ਬੂਟੇ ਟਰੈਕਟਰ ਤੇ ਹੱਲ ਫੇਰ ਕੇ ਤਬਾਹ ਕਰ ਦਿੱਤੇ | ਪੀੜਤ ਕਿਸਾਨ ਕਮਲਜੀਤ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਨਵਾਂ ਪਿੰਡ ਬਹਾਦਰ ਨੇ ਦੱਸਿਆ ਕਿ ਸਾਬਕਾ ਚੇਅਰਮੈਨ ਮਨਜੀਤ ਸਿੰਘ ਨੇ ਉਸ ਦੀ ਵਾਹੀਯੋਗ 7-8 ਏਕੜ ਜ਼ਮੀਨ 'ਤੇ ਕਬਜ਼ਾ ਕਰ ਲਿਆ ਹੈ ਤੇ ਖੇਤਾਂ 'ਚ ਲੱਗੇ ਸਫ਼ੈਦੇ, ਪਾਪੂਲਰ ਦੇ ਬੂਟੇ ਤਬਾਹ ਕਰ ਦਿੱਤੇ ਹਨ, ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏ 'ਚ ਬਣਦੀ ਹੈ | ਉਨ੍ਹਾਂ ਮਨਜੀਤ ਸਿੰਘ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਨ੍ਹਾਂ ਨੇ 150 ਦੇ ਕਰੀਬ ਹਥਿਆਰਬੰਦ ਵਿਅਕਤੀ ਅਤੇ 6 ਦੇ ਕਰੀਬ ਟਰੈਕਟਰ ਲਿਆ ਕੇ ਮੇਰੀ ਜ਼ਮੀਨ ਵਹੁਣੀ ਸ਼ੁਰੂ ਕਰ ਦਿੱਤੀ ਅਤੇ ਕਬਜ਼ਾ ਕਰ ਲਿਆ ਹੈ | ਜਦੋਂ ਮੈਂ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਦੀ ਹਾਜ਼ਰੀ 'ਚ ਮੇਰੇ ਉੱਤੇ ਪਿਸਤੌਲ ਤਾਣ ਕੇ ਮੈਨੂੰ ਮਾਰਨ ਦੀ ਧਮਕੀ ਦਿੰਦੇ ਹੋਏੇ ਮੇਰੇ ਨਾਲ ਕੁੱਟਮਾਰ ਵੀ ਕੀਤੀ | ਕਿਸਾਨ ਕਮਲਜੀਤ ਸਿੰਘ ਦੀ ਹਮਾਇਤ 'ਤੇ ਆਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸਾਥੀਆਂ ਸਮੇਤ ਪੁਰਾਣਾ ਸ਼ਾਲਾ ਥਾਣਾ ਪਹੁੰਚ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਪੀੜਤ ਕਿਸਾਨ ਤੇ ਪਿੰਡ ਵਾਸੀਆਂ ਨੂੰ ਇਨਸਾਫ਼ ਨਹੀਂ ਮਿਲਿਆ ਤਾਂ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ ਪਿੰਡ ਦੇ ਕਿਸਾਨ ਚੰਨਣ ਸਿੰਘ, ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ, ਕਸ਼ਮੀਰ ਸਿੰਘ, ਪਿਆਰਾ ਸਿੰਘ, ਬਲਵੀਰ ਸਿੰਘ, ਭਾਗ ਸਿੰਘ, ਸਵਿੰਦਰ ਸਿੰਘ, ਰਤਨ ਸਿੰਘ, ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਮਨਜੀਤ ਸਿੰਘ ਵਲੋਂ ਉਨ੍ਹਾਂ ਦੀਆਂ ਜ਼ਮੀਨਾਂ 'ਤੇ ਵੀ ਨਾਜਾਇਜ਼ ਕਬਜ਼ਾ ਕਰ ਰਿਹਾ ਹੈ | ਸਾਬਕਾ ਚੇਅਰਮੈਨ ਮਨਜੀਤ ਸਿੰਘ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ 42 ਏਕੜ ਜ਼ਮੀਨ ਕੁਲਦੀਪ ਸਿੰਘ ਗੋਹਤ ਪੋਖਰ ਤੋਂ ਖ਼ਰੀਦੀ ਹੈ ਅਤੇ ਪਹਿਲਾਂ ਵੀ ਉਥੇ ਜ਼ਮੀਨ 'ਤੇ ਕਾਬਜ਼ ਸਨ ਤੇ 6 ਏਕੜ ਜ਼ਮੀਨ 'ਤੇ ਅੱਜ ਕਬਜ਼ਾ ਕੀਤਾ ਹੈ | ਉਨ੍ਹਾਂ ਕਿਹਾ ਕਿ ਮੇਰੇ ਉੱਤੇ ਲਗਾਏ ਦੋਸ਼ ਬੇਬੁਨਿਆਦ ਅਤੇ ਝੂਠੇ ਹਨ | ਜਦੋਂ ਇਸ ਬਾਰੇ ਅਡੀਸ਼ਨਲ ਐਸ.ਐਚ.ਓ ਹਰਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਮਹਿਕਮੇ ਤੋਂ ਜਾਂਚ ਕਰਵਾਈ ਜਾਵੇਗੀ ਤੇ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਨ੍ਹਾਂ ਨੂੰ ਮਾਫ਼ ਨਹੀਂ ਕੀਤਾ ਜਾਵੇਗਾ | ਜ਼ਿਕਰਯੋਗ ਹੈ ਕਿ ਸ਼ਾਲਾ ਪੁਲਿਸ ਨੇ 6 ਟਰੈਕਟਰ ਕਬਜ਼ੇ ਵਿਚ ਲਏ ਹਨ | ਪਰ ਪੁਲਿਸ ਨੇ 3 ਟਰੈਕਟਰ ਦਰਸਾਏ ਹਨ, ਜਿਸ ਨਾਲ ਕਿਸਾਨਾਂ ਵਿਚ ਭਾਰੀ ਰੋਸ ਹੈ | ਕਿਸਾਨਾਂ ਨੇ ਕਿਹਾ ਕਿ ਪੁਲਿਸ ਕਾਰਵਾਈ ਨਹੀਂ ਕਰ ਰਹੀ | ਪੀੜਤ ਕਿਸਾਨਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਪਾਸੋਂ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕਰਕੇ ਇਨਸਾਫ਼ ਦਿਵਾਇਆ ਜਾਵੇ | ਇਲਾਕੇ ਦੇ ਹੋਰਨਾਂ ਕਿਸਾਨਾਂ ਨੇ ਮੁੱਖ ਮੰਤਰੀ ਪਾਸੋਂ ਮੰਗ ਕੀਤੀ ਕਿ ਇਸ ਬੇਚਿਰਾਗ ਜ਼ਮੀਨ 'ਤੇ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਦੀ ਸੀ.ਬੀ.ਆਈ ਤੋਂ ਜਾਂਚ ਕਰਵਾਈ ਜਾਵੇ, ਜਿਸ ਨਾਲ ਮੋਟਾ ਘਪਲਾ ਨਸ਼ਰ ਹੋ ਸਕਦਾ ਹੈ |
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਵਲੋਂ ਕਾਦੀਆਂ ਸ਼ਹਿਰ 'ਚ ਰੋਸ ਰੈਲੀ ਅਗਲੀ ਖ਼ਬਰ ਕੇਂਦਰੀ ਜੇਲ੍ਹ ਗੁਰਦਾਸਪੁਰ ਅੰਦਰ ਹਵਾਲਾਤੀਆਂ ਦੇ ਦੋ ਗੁੱਟ ਆਪਸ 'ਚ ਭਿੜੇ-ਇਕ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।