ਕੋਟਲੀ ਸੂਰਤ ਮੱਲ੍ਹੀ, 11 ਮਈ (ਕੁਲਦੀਪ ਸਿੰਘ ਨਾਗਰਾ)-ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਵਲੋਂ ਵਿਸ਼ਵ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਤੇ ਸਰਬੱਤ ਦੇ ਭਲੇ ਲਈ 32ਵੀਂ ਸਲਾਨਾ ਪੈਦਲ ਯਾਤਰਾ ਦੀਆਂ ਤਿਆਰੀਆਂ ਪੂਰੇ ਜੋਰਾਂ 'ਤੇ ਚਲ ਰਹੀਆਂ ਹਨ ਤੇ ਪੈਦਲ ਯਾਤਰਾ ਸਬੰਧੀ ਸੰਗਤਾਂ 'ਚ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸ ਸੰਬੰਧੀ ਸੁਸਾਇਟੀ ਦੇ ਮੈਂਬਰਾਂ ਦੀ ਮੀਟਿੰਗ 'ਚ ਪੈਦਲ ਯਾਤਰਾ ਦੀਆਂ ਚੱਲ ਰਹੀਆਂ ਤਿਆਰੀਆ ਦਾ ਜਾਇਜ਼ਾ ਲਿਆ ਤੇੇ ਸੰਗਤਾਂ ਨੂੰ ਵੱਡੀ ਗਿਣਤੀ 'ਚ ਇਲਾਹੀ ਗੁਰਬਾਣੀ ਦੇ ਜਾਪ ਕਰਦਿਆਂ ਸ੍ਰੀ ਹੇਮਕੁੰਟ ਸਾਹਿਬ ਯਾਤਰਾ 'ਚ ਸ਼ਿਰਕਤ ਕਰਨ ਲਈ ਲਾਮਬੰਦ ਕੀਤਾ ਗਿਆ | ਮੀਟਿੰਗ ਉਪਰੰਤ ਸੁਸਾਇਟੀ ਦੇ ਮੁਖੀ ਡਾਕਟਰ ਗੁਰਦੇਵ ਸਿੰਘ ਰੰਧਾਵਾ ਨੇ ਦੱਸਿਆ ਕਿ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਤੇ ਕਦਮ ਕਦਮ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ 32ਵੀਂ ਪੈਦਲ ਯਾਤਰਾ ਗੁੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਸ੍ਰੀ ਹੇਮਕੁੰਟ ਸਾਹਿਬ ਤੱਕ ਸ਼ੁਰੂ ਕੀਤੀ ਜਾ ਰਹੀ ਹੈ | ਪੈਦਲ ਯਾਤਰਾ ਨੂੰ ਸ਼ੁਰੂ ਕਰਨ ਮੌਕੇ ਉਚੇਚੇ ਤੌਰ 'ਤੇ ਇਲਾਕੇ ਦੀਆਂ ਸੰਗਤਾਂ, ਸੰਤ-ਮਹਾਂਪੁਰਸ਼ਾਂ ਪਹੁੰਚ ਰਹੇ ਹਨ | ਉਨ੍ਹਾਂ ਦੱਸਿਆ ਕਿ ਪੈਦਲ ਯਾਤਰਾ 35 ਦਿਨਾਂ 'ਚ ਵੱਖ-ਵੱਖ ਪੜ੍ਹਾਵਾਂ ਤੋਂ ਹੁੰਦੀ ਹੋਈ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਕੇ ਵਾਪਸ ਪਰਤੇਗੀ | ਸੰਗਤਾਂ ਲਈ ਰਸਤੇ 'ਚ ਲੰਗਰ, ਮੈਡੀਕਲ ਸਹੂਲਤਾਂ ਸਮੇਤ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ | ਇਸ ਮੌਕੇ ਸਰਪੰਚ ਗੁਲਜਾਰ ਸਿੰਘ ਉਦੋਵਾਲੀ, ਬਾਬਾ ਰਣਧੀਰ ਸਿੰਘ, ਉਘੇ ਸਮਾਜ ਸੇਵਕ ਹਰਪਾਲ ਸਿੰਘ ਰੰਧਾਵਾ, ਭਾਜਪਾ ਆਗੂ ਵਿਜੇ ਕੁਮਾਰ ਸੋਨੀ, ਸੁਖਵਿੰਦਰ ਸਿੰਘ ਮੱਲ੍ਹੀ ਡੇਰਾ ਪਠਾਣਾ, ਦਲਜੀਤ ਸਿੰਘ ਕਾਹਲੋਂ, ਸੁਖਜਿੰਦਰ ਸਿੰਘ ਲਾਲੀ, ਜਸਪਾਲ ਸਿੰਘ ਮੱਲ੍ਹੀ, ਬਲਜਿੰਦਰ ਸਿੰਘ ਹਸਨਪੁਰਾ, ਮੋਹਨ ਸਿੰਘ ਚੈਨੇਵਾਲ, ਬਾਬਾ ਬਲਵਿੰਦਰ ਸਿੰਘ, ਸੁਖਜਿੰਦਰ ਸਿੰਘ ਕੋਟਲੀ ਸੂਰਤ ਮੱਲ੍ਹੀ, ਨਰਿੰਦਰ ਸਿੰਘ ਗੋਲਡੀ ਕੋਟਲੀ ਸੂਰਤ ਮੱਲ੍ਹੀ, ਬਿਕਰਮਜੀਤ ਸਿੰਘ ਬਿੱਕਾ, ਗੁਰਮੁੱਖ ਸਿੰਘ ਆਦਿ ਹਾਜ਼ਰ ਸਨ |