ਘਰੋਟਾ, 11 ਮਈ (ਸੰਜੀਵ ਗੁਪਤਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ ਵਿਚ ਮਾਡਰਨ ਐਂਜਲ ਪਬਲਿਕ ਹਾਈ ਸਕੂਲ ਗੜਮਲ ਦੀ ਹੋਣਹਾਰ ਵਿਦਿਆਰਥਣ ਸੁਹਾਨੀ ਸ਼ਰਮਾ ਪੁੱਤਰੀ ਅਸ਼ਵਨੀ ਕੁਮਾਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 650 ਵਿਚੋਂ 626 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਭਰ ਵਿਚ ਤੀਜਾ ਸਥਾਨ ਹਾਸਲ ਕੀਤਾ ਹੈ | ਸੁਹਾਨੀ ਦੀ ਇਸ ਕਾਮਯਾਬੀ ਨਾਲ ਸਕੂਲ ਅਤੇ ਪੂਰੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ | ਨਤੀਜਾ ਐਲਾਨ ਹੋਣ ਤੋਂ ਬਾਅਦ ਸਕੂਲ ਪ੍ਰਬੰਧਕਾਂ, ਅਧਿਆਪਕਾਂ, ਮਾਪਿਆਂ ਅਤੇ ਇਲਾਕਾ ਵਾਸੀਆਂ ਵਲੋਂ ਸੁਹਾਨੀ ਅਤੇ ਉਸ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ | ਇਸ ਮੌਕੇ ਸੁਹਾਨੀ ਦਾ ਮੂੰਹ ਮਿੱਠਾ ਕਰਵਾ ਕੇ ਉਸ ਨੂੰ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਮਾਤਾ ਅੰਜੂ ਬਾਲਾ, ਸਾਬਕਾ ਬਲਾਕ ਸਮਿਤੀ ਮੈਂਬਰ ਠਾਕੁਰ ਅਵਤਾਰ ਸਿੰਘ ਅਤੇ ਰਾਜਿੰਦਰ ਸਿੰਘ ਵੀ ਮੌਜੂਦ ਰਹੇ | ਸੁਹਾਨੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਨੇ ਨਿਯਮਿਤ ਮਿਹਨਤ ਅਤੇ ਅਨੁਸ਼ਾਸਨ ਦੇ ਸਹਾਰੇ ਇਹ ਸਫਲਤਾ ਹਾਸਲ ਕੀਤੀ ਹੈ | ਉਹ ਰੋਜ਼ਾਨਾ ਲਗਪਗ ਪੰਜ ਘੰਟੇ ਪੜ੍ਹਾਈ ਕਰਦੀ ਸੀ ਅਤੇ ਸਮੇਂ ਦੀ ਸਹੀ ਯੋਜਨਾ ਬਣਾ ਕੇ ਪੜ੍ਹਦੀ ਸੀ | ਉਸ ਕਿਹਾ ਕਿ ਮੋਬਾਈਲ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਸਿਰਫ਼ ਲੋੜ ਮੁਤਾਬਿਕ ਹੀ ਕਰਦੀ ਸੀ ਤਾਂ ਜੋ ਪੜ੍ਹਾਈ 'ਤੇ ਪੂਰਾ ਧਿਆਨ ਕੇਂਦਰਿਤ ਰਹੇ | ਸੁਹਾਨੀ ਨੇ ਦੱਸਿਆ ਕਿ ਉਸ ਦਾ ਮਨਪਸੰਦ ਵਿਸ਼ਾ ਹਿਸਟਰੀ ਅਤੇ ਪੋਲੀਟੀਕਲ ਸਾਇੰਸ ਹੈ | ਉਹ ਅੱਗੇ ਆਰਟਸ ਵਿਸ਼ੇ ਨਾਲ ਪੜ੍ਹਾਈ ਜਾਰੀ ਰੱਖਣਾ ਚਾਹੁੰਦੀ ਹੈ ਅਤੇ ਉਸ ਦਾ ਟੀਚਾ ਅਧਿਆਪਕ ਬਣ ਕੇ ਸਮਾਜ ਦੀ ਸੇਵਾ ਕਰਨਾ ਹੈ | ਉਸ ਨੇ ਕਿਹਾ ਕਿ ਅਧਿਆਪਕ ਬੱਚਿਆਂ ਦੇ ਭਵਿੱਖ ਨਿਰਮਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਉਹ ਵੀ ਸਿੱਖਿਆ ਦੇ ਖੇਤਰ ਵਿਚ ਆਪਣਾ ਯੋਗਦਾਨ ਪਾਉਣਾ ਚਾਹੁੰਦੀ ਹੈ | ਆਪਣੀ ਸਫਲਤਾ ਦਾ ਸਿਹਰਾ ਸੁਹਾਨੀ ਨੇ ਸਕੂਲ ਦੇ ਅਧਿਆਪਕਾਂ, ਸਟਾਫ਼ ਅਤੇ ਆਪਣੇ ਮਾਪਿਆਂ ਨੂੰ ਦਿੱਤਾ | ਉਸ ਨੇ ਕਿਹਾ ਕਿ ਅਧਿਆਪਕਾਂ ਨੇ ਪੂਰੀ ਲਗਨ ਨਾਲ ਪੜ੍ਹਾਈ ਕਰਵਾਈ ਅਤੇ ਹਰ ਵਿਸ਼ੇ ਨੂੰ ਆਸਾਨ ਤਰੀਕੇ ਨਾਲ ਸਮਝਾਇਆ | ਨਾਲ ਹੀ ਉਸ ਦੇ ਮਾਪਿਆਂ ਨੇ ਹਰ ਸਮੇਂ ਉਸ ਦਾ ਹੌਸਲਾ ਵਧਾਇਆ | ਸਕੂਲ ਦੇ ਪਿ੍ੰਸੀਪਲ ਭੂਪੇਸ਼ ਮਹਾਜਨ ਨੇ ਕਿਹਾ ਕਿ ਸੁਹਾਨੀ ਦੀ ਮਿਹਨਤ ਅਤੇ ਅਨੁਸ਼ਾਸਨ ਹੋਰ ਵਿਦਿਆਰਥੀਆਂ ਲਈ ਪੇ੍ਰਰਨਾ ਸਰੂਪ ਹਨ | ਉਨ੍ਹਾਂ ਕਿਹਾ ਕਿ ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਗੁਣਵੱਤਾ ਭਰੀ ਸਿੱਖਿਆ ਦੇਣ ਲਈ ਵਚਨਬੱਧ ਹੈ | ਉੱਧਰ ਸਾਬਕਾ ਬਲਾਕ ਸਮਿਤੀ ਮੈਂਬਰ ਠਾਕੁਰ ਅਵਤਾਰ ਸਿੰਘ, ਰਾਜਿੰਦਰ ਸਿੰਘ ਅਤੇ ਇਲਾਕਾ ਵਾਸੀਆਂ ਨੇ ਵੀ ਸੁਹਾਨੀ ਦੀ ਸਫਲਤਾ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਉਸ ਦੇ ਚਮਕਦਾਰ ਭਵਿੱਖ ਦੀ ਕਾਮਨਾ ਕੀਤੀ | ਸੁਹਾਨੀ ਦੇ ਪਿਤਾ ਅਸ਼ਵਨੀ ਕੁਮਾਰ, ਜੋ ਕਿ ਪੇਸ਼ੇ ਤੋਂ ਕਿਸਾਨ ਹਨ, ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਉਨ੍ਹਾਂ ਦੀ ਧੀ ਇਕ ਦਿਨ ਜ਼ਰੂਰ ਪਰਿਵਾਰ ਅਤੇ ਇਲਾਕੇ ਦਾ ਨਾਮ ਰੌਸ਼ਨ ਕਰੇਗੀ |