ਸ੍ਰੀ ਹਰਿਗੋਬਿੰਦਪੁਰ, 15 ਮਈ (ਕੰਵਲਜੀਤ ਸਿੰਘ ਚੀਮਾ)-ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਨਗਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਚਰਨ ਛੋਹ ਇਤਿਹਾਸਿਕ ਨਗਰ ਹੈ | ਦੇਸ਼ ਆਜ਼ਾਦ ਹੋਣ ਤੋਂ ਬਾਅਦ ਇਸ ਨਗਰ ਨੂੰ ਵਿਧਾਨ ਸਭਾ ਹਲਕੇ ਦਾ ਦਰਜਾ ਮਿਲਿਆ ਹੈ, ਜਿੱਥੇ ਸਭ ਤੋਂ ਪਹਿਲਾਂ ਨਗਰ ਕੌਂਸਲ ਕਮੇਟੀ ਹੋਂਦ ਵਿਚ ਆਈ ਹੈ | ਇਸ ਤੋਂ ਇਲਾਵਾ ਹੋਰ ਵੀ ਸਾਰੇ ਸਰਕਾਰੀ ਅਦਾਰਿਆਂ ਦੇ ਮੁੱਖ ਦਫ਼ਤਰ ਵੀ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਇੱਥੇ ਬਣਾਏ ਗਏ, ਜੋ ਅੱਜ ਮੌਜ਼ੂਦ ਹਨ | ਜੇਕਰ ਅੱਜ ਦੇ ਮੌਜ਼ੂਦਾ ਸੰਨ 2026 ਦੀ ਗੱਲ ਕਰੀਏ ਤੇ ਪੰਜਾਬ ਵਿਚ ਰਾਜ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਹਲਕੇ ਦੀ ਨੁਮਾਇੰਦਗੀ ਕਰ ਰਹੇ ਮੌਜ਼ੂਦਾ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਵਲੋਂ ਹਲਕੇ ਦੇ ਲੋਕਾਂ ਦੀ ਮੁਸ਼ਕਿਲਾਂ ਵੱਲ ਧਿਆਨ ਦੇਣ ਦੀ ਲੋੜ ਹੈ | ਇਸ ਮੌਕੇ ਸ੍ਰੀ ਹਰਿਗੋਬਿੰਦਪੁਰ ਸਬ-ਤਹਿਸੀਲ 'ਚ ਬੀਤੇ ਮਹੀਨੇ ਮਹੀਨੇ 9 ਅਪ੍ਰੈਲ ਤੋਂ ਪਹਿਲੇ ਨਾਇਬ-ਤਹਿਸੀਲਦਾਰ ਦੀ ਬਦਲੀ ਹੋਣ ਤੋਂ ਬਾਅਦ ਅਜੇ ਤੱਕ ਸਬ-ਤਹਿਸੀਲ ਸ੍ਰੀ ਹਰਿਗੋਬਿੰਦਪੁਰ ਵਿਖੇ ਕੋਈ ਪੱਕਾ ਨਾਇਬ-ਤਹਿਸੀਲਦਾਰ ਸਰਕਾਰ ਵਲੋਂ ਤਾਇਨਾਤ ਨਹੀਂ ਕੀਤਾ ਗਿਆ, ਜਿਸ ਕਾਰਨ 94 ਪਿੰਡਾਂ ਦੇ ਬਸ਼ਿੰਦਿਆਂ ਨੂੰ ਆਪਣੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ, ਇੰਤਕਾਲ ਕਰਵਾਉਣ ਤੇ ਹਲਫ਼ੀਆਂ ਬਿਆਨ ਤੇ ਹੋਰ ਜ਼ਰੂਰੀ ਦਸਤਾਵੇਜ ਤਸਦੀਕ ਕਰਵਾਉਣ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ | ਉਪਰੋਂ ਨਗਰ ਕੌਂਸਲ ਕਮੇਟੀ ਦੀਆਂ ਚੋਣਾਂ ਦਾ ਵੀ ਐਲਾਨ ਹੋ ਚੁੱਕਾ ਹੈ | ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਆਪਣੇ ਕਾਗਜ਼ਾਤ ਤਸਦੀਕ ਕਰਵਾਉਣ ਲਈ ਸ੍ਰੀ ਹਰਿਗੋਬਿੰਦਪੁਰ ਤੋਂ 30 ਕਿੱਲੋਮੀਟਰ ਦੂਰ ਬਟਾਲਾ ਸ਼ਹਿਰ ਵਿਚ ਜਾਣਾ ਪੈ ਰਿਹਾ ਹੈ | ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਬਟਾਲਾ ਤਹਿਸੀਲ 'ਚੋਂ ਹਫ਼ਤੇ ਵਿਚ ਇਕ ਦਿਨ ਮੰਗਲਵਾਰ ਨੂੰ ਨਾਇਬ ਤਹਿਸੀਲਦਾਰ ਸ੍ਰੀ ਹਰਿਗੋਬਿੰਦਪੁਰ ਵਿਖੇ ਸਥਿਤ ਸਬ-ਤਹਿਸੀਲ ਵਿਚ ਸਿਰਫ਼ ਕੁਝ ਕੁ ਸਮੇਂ ਲਈ ਆਉਂਦਾ ਹੈ | ਇਸ ਦਿਨ ਇੱਥੇ ਦੇ ਲੋਕਾਂ ਦੀਆਂ ਰਜਿਸਟਰੀਆਂ ਆਦਿ ਕੰਮ ਕੀਤੇ ਜਾਂਦੇ ਹਨ, ਪਰ ਇਸ ਦਿਨ ਸਬ-ਤਹਿਸੀਲ ਵਿਚ ਭੀੜ ਬਹੁਤ ਜ਼ਿਆਦਾ ਹੋ ਜਾਂਦੀ ਹੈ, ਲੋਕਾਂ ਦੇ ਅੱਧੇ-ਪਚੱਦੇ ਕੰਮ ਹੀ ਹੁੰਦੇ ਹਨ | ਸਥਾਨਕ ਵਾਸੀਆਂ ਨੇ ਹਲਕੇ ਦੀ ਨੁਮਾਇੰਦਗੀ ਕਰ ਰਹੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਕੋਲੋਂ ਆਪਣੀ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਕਿ ਸ੍ਰੀ ਹਰਿਗੋਬਿੰਦਪੁਰ ਵਿਖੇ ਸਬ-ਤਹਿਸੀਲਦਾਰ ਦੀ ਕੁਰਸੀ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਖਾਲੀ ਰਹੀ ਹੋਵੇ | ਉਨ੍ਹਾਂ ਪੁਰਜ਼ੋਰ ਸ਼ਬਦਾਂ 'ਚ ਮੰਗ ਕੀਤੀ ਕਿ ਸਬ ਤਹਿਸੀਲ ਵਿਚ ਪੱਕੇ ਤੌਰ 'ਤੇ ਨਾਇਬ ਤਹਿਸੀਲਦਾਰ ਤਾਇਨਾਤ ਕੀਤਾ ਜਾਵੇ, ਜੋ ਕਿ ਹਫ਼ਤੇ ਦੇ ਸਾਰੇ ਵਰਕਿੰਗ ਦਿਨ ਹਾਜ਼ਰ ਹੋਵੇ, ਜਿਸ ਕਾਰਨ ਲੋਕਾਂ ਦੀ ਖੱਜਲ-ਖੁਆਰੀ ਨਾ ਹੋ ਸਕੇ |