ਗੁਰਦਾਸਪੁਰ, 15 ਮਈ (ਚੱਕਰਾਜਾ)-ਪੰਜਾਬ ਸਰਕਾਰ ਵਲੋਂ ਵਿੱਤੀ ਸਾਲ 2026-27 ਅਧੀਨ ਭਾਸ਼ਾ ਵਿਭਾਗ ਪੰਜਾਬ ਮਾਣਯੋਗ ਡਾਇਰੈਕਟਰ ਭਾਸ਼ਾਵਾਂ ਦੇ ਆਦੇਸ਼ਾਂ ਅਨੁਸਾਰ ਵਿਭਾਗ ਨੂੰ ਪੁਸਤਕ ਮੈਚਿੰਗ ਗਰਾਂਟ ਪ੍ਰਾਪਤ ਹੋਣ ਸਬੰਧੀ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਗੁਰਦਾਸਪੁਰ ਵਲੋਂ ਪੇਂਡੂ/ਸਕੂਲਾਂ/ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਲਾਇਬੇ੍ਰਰੀਆਂ ਲਈ ਪੁਸਤਕ ਮੈਚਿੰਗ ਗਰਾਂਟ ਅਧੀਨ ਪੁਸਤਕਾਂ ਦਿੱਤੀਆਂ ਜਾ ਰਹੀਆਂ ਹਨ | ਭਾਵ ਕੋਈ ਵੀ ਸੰਸਥਾ ਜਿੰਨੇ ਰੁਪਏ ਦੀਆਂ ਪੁਸਤਕਾਂ ਦੀ ਖ਼ਰੀਦ ਜ਼ਿਲ੍ਹਾ ਭਾਸ਼ਾ ਦਫ਼ਤਰ ਗੁਰਦਾਸਪੁਰ ਤੋਂ ਕਰਦੀ ਹੈ, ਉਸ ਸੰਸਥਾ/ਸਕੂਲ/ਕਾਲਜ ਨੂੰ ਉੱਨੇ ਹੀ ਰੁਪਏ ਦੀਆਂ ਪੁਸਤਕਾਂ ਮੈਚਿੰਗ ਗਰਾਂਟ ਅਧੀਨ ਇਸ ਦਫ਼ਤਰ ਵਲੋਂ ਮੁਫ਼ਤ ਦਿੱਤੀਆਂ ਜਾਣਗੀਆਂ | ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਭਾਸ਼ਾ ਦਫ਼ਤਰ ਤੋਂ ਇਹ ਬਹੁਤ ਹੀ ਮਿਆਰੀ ਤੇ ਧਾਰਮਿਕ/ਸਾਹਿਤਕ ਤੇ ਇਤਿਹਾਸਿਕ ਪੁਸਤਕਾਂ ਘੱਟ ਕੀਮਤ 'ਤੇ ਸੰਸਥਾ ਦੀਆਂ ਲਾਇਬ੍ਰੇਰੀਆਂ ਲਈ ਖ਼ਰੀਦਿਆਂ ਜਾ ਸਕਦੀਆਂ ਹਨ | ਉਨ੍ਹਾਂ ਕਿਹਾ ਕਿ ਇਹ ਵਡਮੁੱਲੀਆਂ ਪੁਸਤਕਾਂ ਵਿਦਿਆਰਥੀਆਂ, ਸਾਹਿਤਕ ਤੇ ਮਾਨਸਿਕ ਵਿਕਾਸ ਲਈ ਬਹੁਤ ਹੀ ਉਪਯੋਗੀ ਹਨ | ਇਸ ਲਈ ਇਨ੍ਹਾਂ ਵਡਮੁੱਲੀਆਂ ਪੁਸਤਕਾਂ ਦੀ ਵੱਧ ਤੋਂ ਵੱਧ ਖ਼ਰੀਦ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸਥਿਤ ਦਫ਼ਤਰ ਜ਼ਿਲ੍ਹਾ ਭਾਸ਼ਾ ਅਫਸਰ ਬੀ.ਬਲਾਕ ਕਮਰਾ ਨੰਬਰ 501, 502 ਤੋਂ ਕੀਤੀ ਜਾ ਸਕਦੀ ਹੈ |