ਬਟਾਲਾ, 15 ਮਈ (ਸਤਿੰਦਰ ਸਿੰਘ)-1927 ਵਿਚ ਆਰੰਭੀ ਭਗਤ ਪੂਰਨ ਸਿੰਘ ਵਾਤਾਵਰਣ ਸੰਭਾਲ ਮੁਹਿੰਮ ਦੀ ਸ਼ਤਾਬਦੀ ਮਨਾਉਣ ਦਾ ਸੁਨਹਿਰੀ ਆਗਾਜ਼ ਅੱਜ ਰਿਆੜਕੀ ਸੰਸਥਾ ਤੁਗਲਵਾਲਾ ਵਲੋਂ 2 ਯਾਦਗਾਰੀ ਸਮਾਗਮਾਂ ਰਾਹੀਂ ਕੀਤਾ ਗਿਆ, ਜਿਨ੍ਹਾਂ ਨੇ ਹਰ ਹਾਜ਼ਰ ਵਿਅਕਤੀ ਦੇ ਮਨ ਉੱਤੇ ਅਮਿੱਟ ਛਾਪ ਛੱਡੀ | ਸ਼ਤਾਬਦੀ ਦੀਆਂ ਸਰਗਰਮੀਆਂ ਦਾ ਰਸਮੀ ਆਰੰਭ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਵਿਖੇ ਭਗਤ ਪੂਰਨ ਸਿੰਘ ਜੀ ਦੇ ਨਾਂਅ ਸਮਰਪਿਤ ਇਕ ਨਵੇਂ ਇਮਾਰਤੀ ਬਲਾਕ ਦੇ ਉਦਘਾਟਨ ਨਾਲ ਹੋਇਆ | ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਮੁਖੀ ਬੀਬੀ ਇੰਦਰਜੀਤ ਕੌਰ ਨੇ ਪਿ੍ੰਸੀਪਲ ਸਵਰਨ ਸਿੰਘ ਵਿਰਕ ਦੇ ਨਾਲ ਮਿਲ ਕੇ ਇਸ ਬਲਾਕ ਦਾ ਉਦਘਾਟਨ ਕੀਤਾ | ਇਸ ਮੌਕੇ ਰਾਜਬੀਰ ਸਿੰਘ, ਪ੍ਰਧਾਨ ਬਖ਼ਤਾਵਰ ਸਿੰਘ, ਸਮਾਜ ਸੇਵਕ ਪਵਨ ਸ਼ਰਮਾ, ਹਰਭਾਗ ਸਿੰਘ, ਪਿ੍ੰਸੀਪਲ ਇੰਦਰਜੀਤ ਕੌਰ, ਮੁੱਖ ਪ੍ਰਬੰਧਕ ਗਗਨਦੀਪ ਸਿੰਘ ਵਿਰਕ ਅਤੇ ਡਾਇਰੈਕਟਰ ਮਨਪ੍ਰੀਤ ਕੌਰ ਵਿਰਕ ਵੀ ਹਾਜ਼ਰ ਸਨ | ਪਿ੍ੰਸੀਪਲ ਇੰਦਰਜੀਤ ਕੌਰ ਨੇ ਇਸ ਮੌਕੇ ਭਾਵਭਿੱਜੇ ਸ਼ਬਦਾਂ ਵਿਚ ਕਿਹਾ ਕਿ ਇਹ ਨਵੀਂ ਇਮਾਰਤ ਸਿਰਫ਼ ਇੱਟਾਂ ਅਤੇ ਸੀਮੈਂਟ ਦੀ ਉਸਾਰੀ ਨਹੀਂ, ਸਗੋਂ ਇਹ ਉਸ ਮਹਾਨ ਆਤਮਾ ਦੀ ਸੋਚ ਨੂੰ ਸਦਾ ਜ਼ਿੰਦਾ ਰੱਖਣ ਦਾ ਪੱਕਾ ਇਰਾਦਾ ਹੈ | ਉਦਘਾਟਨ ਉਪਰੰਤ ਡਾਕਟਰ ਮਹਿੰਦਰ ਸਿੰਘ ਰੰਧਾਵਾ ਆਡੀਟੋਰੀਅਮ ਵਿਚ ਮੁੱਖ ਸਮਾਗਮ ਆਰੰਭ ਹੋਇਆ, ਜਿੱਥੇ ਵਿਦਿਆਰਥੀਆਂ ਦੀਆਂ ਸੁਰੀਲੀਆਂ ਆਵਾਜ਼ਾਂ ਵਿਚ ਗੂੰਜੇ ਸਵਾਗਤੀ ਗੀਤਾਂ ਨੇ ਸਮੁੱਚੇ ਮਾਹੌਲ ਨੂੰ ਭਾਵੁਕ ਅਤੇ ਅਧਿਆਤਮਕ ਰੰਗ ਵਿਚ ਰੰਗ ਦਿੱਤਾ | ਸਾਲਾਨਾ ਇਨਾਮ ਵੰਡ ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਭਗਤ ਜੀ ਦੀ ਵਾਤਾਵਰਣ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਸ: ਸਵਰਨ ਸਿੰਘ ਵਿਰਕ ਨੇ ਕਿਹਾ ਕਿ ਰਿਆੜਕੀ ਸੰਸਥਾ ਅਤੇ ਪਿੰਗਲਵਾੜੇ ਵਿਚਕਾਰ ਦਹਾਕਿਆਂ ਤੋਂ ਚੱਲੀ ਆ ਰਹੀ ਡੂੰਘੀ ਰੂਹਾਨੀ ਅਤੇ ਸਮਾਜਿਕ ਸਾਂਝ ਨੇ ਹੀ ਸੰਸਥਾ ਨੂੰ ਪ੍ਰੇਰਿਤ ਕੀਤਾ ਕਿ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਜੀਵਨ ਜਿਊਣ ਦਾ ਅਸਲ ਰੋਲ ਮਾਡਲ ਵੀ ਦਿੱਤਾ ਜਾਵੇ | ਪ੍ਰਬੰਧਕ ਗਗਨਦੀਪ ਸਿੰਘ ਵਿਰਕ ਨੇ ਦੱਸਿਆ ਕਿ ਸੰਸਥਾ ਕੋਲ ਭਗਤ ਪੂਰਨ ਸਿੰਘ ਜੀ ਵਲੋਂ ਆਪਣੇ ਹੱਥੀਂ ਲਿਖੇ ਗਏ 60 ਸਾਲ ਤੋਂ ਵੱਧ ਪੁਰਾਣੇ ਪੱਤਰ ਅੱਜ ਵੀ ਸੁਰੱਖਿਅਤ ਸੰਭਾਲੇ ਹੋਏ ਹਨ, ਜੋ ਗੁਰਬਾਣੀ ਦੀ ਰੌਸ਼ਨੀ ਵਿਚ ਅੱਜ ਵੀ ਓਨੇ ਹੀ ਪ੍ਰਸੰਗਿਕ ਹਨ | ਡਾਇਰੈਕਟਰ ਮਨਪ੍ਰੀਤ ਕੌਰ ਵਿਰਕ ਨੇ ਕਿਹਾ ਕਿ ਭਗਤ ਪੂਰਨ ਸਿੰਘ ਜੀ ਦੀ ਵਿਰਾਸਤ ਪਿੰਗਲਵਾੜੇ ਤੋਂ ਪਾਰ ਵੀ ਹੁਣ ਤੁਗਲਵਾਲਾ ਦੀਆਂ ਕਲਾਸਾਂ ਵਿਚ, ਬੱਚਿਆਂ ਦੇ ਹੱਥਾਂ ਵਿਚ ਫੜੀਆਂ ਟਰਾਫ਼ੀਆਂ ਵਿਚ ਅਤੇ ਉਨ੍ਹਾਂ ਦੁਆਰਾ ਚੁੱਕੀ ਸਹੁੰ ਵਿਚ ਜ਼ਿੰਦਾ ਹੈ ਅਤੇ ਜ਼ਿੰਦਾ ਰਹੇਗੀ | ਕਾਲਜ ਦੇ ਛੋਟੇ ਵਿਦਿਆਰਥੀਆਂ ਨੇ ਵੀ ਇਸ ਮੌਕੇ ਬਹੁਤ ਭਾਵਪੂਰਵਕ ਇਕਾਂਗੀਆਂ ਅਤੇ ਨਾਟਕ ਖੇਡ ਕੇ ਸਭ ਨੂੰ ਮੋਹ ਲਿਆ | ਇਸ ਮੌਕੇ ਵਿਦਿਆਰਥੀਆਂ ਨੇ ਪ੍ਰਣ ਲਿਆ ਕਿ ਉਹ ਹਵਾ, ਧਰਤੀ ਅਤੇ ਪਾਣੀ ਦੀ ਰੱਖਿਆ ਕਰਨਗੇ, ਪਲਾਸਟਿਕ ਦੀ ਇਸ ਧਰਤੀ-ਨਾਸ਼ੂ ਬਿਮਾਰੀ ਨੂੰ ਨਹੀਂ ਫ਼ੈਲਣ ਦੇਣਗੇ, ਆਪਣੇ ਮਾਤਾ-ਪਿਤਾ ਨੂੰ ਬਾਜ਼ਾਰੋਂ ਖ਼ਰੀਦੋ-ਫ਼ਰੋਖ਼ਤ ਕਰਨ ਵੇਲੇ ਕੱਪੜੇ ਦੇ ਬਣੇ ਝੋਲੇ ਵਰਤਣ ਲਈ ਪ੍ਰੇਰਿਤ ਕਰਨਗੇ ਅਤੇ ਆਪ ਵੀ ਇਨ੍ਹਾਂ ਦੀ ਵਰਤੋਂ ਕਰਨਗੇ | ਇਸ ਸਮਾਗਮ ਦਾ ਸਭ ਤੋਂ ਭਾਵੁਕ ਪਲ ਉਹ ਸੀ ਜਦੋਂ ਪਿ੍ੰਸੀਪਲ ਸਵਰਨ ਸਿੰਘ ਵਿਰਕ ਵਲੋਂ ਕਾਲਜ ਵਿਖੇ ਆਪਣੀ ਧਰਤੀ ਵਿਚ ਪੈਦਾ ਕੀਤੀ ਗਈ 5 ਕੁਇੰਟਲ ਜੈਵਿਕ ਕਣਕ ਪ੍ਰਸ਼ਾਦ ਵਜੋਂ ਪਿੰਗਲਵਾੜਾ ਸੰਸਥਾ ਨੂੰ ਭੇਂਟ ਕੀਤੀ ਗਈ |