ਗੁਰਦਾਸਪੁਰ, 17 ਮਈ (ਅਸ਼ੋਕ ਸ਼ਰਮਾ)-ਬੇਟ ਇਲਾਕੇ ਦੀਆਂ ਸੰਪਰਕ ਤੇ ਮੁੱਖ ਸੜਕਾਂ ਦੀ ਮੁਰੰਮਤ ਕਰਕੇ ਸਬੰਧਿਤ ਵਿਭਾਗ ਦੇ ਠੇਕੇਦਾਰਾਂ ਨੇ ਪੱਥਰ ਪਾ ਕੇ ਮਿੱਟੀ ਵੀ ਪਾ ਦਿੱਤੀ ਹੈ | ਪਰ ਪ੍ਰੀਮਿਕਸ ਨਾ ਪੈਣ ਕਾਰਨ ਇਹ ਮਿੱਟੀ ਮੀਂਹ ਪੈਣ ਨਾਲ ਸੜਕਾਂ ਤੋਂ ਰੁੜ੍ਹ ਜਾਵੇਗੀ ਅਤੇ ਮੋਟਾ ਪੱਥਰ ਬਾਹਰ ਆਉਣ ਕਾਰਨ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ | ਇਸ ਸਬੰਧੀ ਸਾਬਕਾ ਸਰਪੰਚ ਹਰਭਜਨ ਸਿੰਘ ਅਤੇ ਅਕਾਲੀ ਆਗੂ ਤਰਸੇਮ ਸਿੰਘ ਚੰਦਰਭਾਨ ਨੇ ਦੱਸਿਆ ਕਿ ਨਵਾਂ ਸ਼ਾਲਾ ਮੋੜ ਤੋਂ ਨਵਾਂ ਪਿੰਡ ਬਹਾਦਰ ਤੋਂ ਗਾਜੀਕੋਟ ਪੁਲ ਅਤੇ ਬੀਬੀ ਸੁੰਦਰੀ ਗੁਰਦੁਆਰੇ ਤੋਂ ਇਲਾਵਾ ਨੌਸ਼ਹਿਰਾ ਸਟੇਡੀਅਮ ਦੀਆਂ ਸੰਪਰਕ ਸੜਕਾਂ 'ਤੇ ਪਿਆ ਮੋਟਾ ਪੱਥਰ ਲੋਕਾਂ ਲਈ ਜਾਨ ਦਾ ਖੌਅ ਬਣਿਆ ਹੈ | ਉਨ੍ਹਾਂ ਦੱਸਿਆ ਕਿ ਸਰਕਾਰ ਦਾਅਵੇ ਕਰ ਰਹੀ ਹੈ ਕਿ 30 ਜੂਨ ਤੋਂ ਪਹਿਲਾਂ ਸਾਰੀਆਂ ਸੜਕਾਂ 'ਤੇ ਪ੍ਰੀਮਿਕਸ ਪਾਈ ਜਾਵੇਗੀ | ਪਰ ਇਹ ਕੰਮ ਅਜੇ ਅਧੂਰੇ ਰਹਿਣ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਹਨ | ਉਨ੍ਹਾਂ ਦੱਸਿਆ ਕਿ ਇਹ ਮਾਮਲਾ ਸਬੰਧਿਤ ਵਿਭਾਗ ਦੇ ਧਿਆਨ ਹਿਤ ਲਿਆਂਦਾ ਜਾ ਚੁੱਕਾ ਹੈ ਤੇ ਉਹ ਵੀ ਗੰਭੀਰਤਾ ਨਹੀਂ ਲੈ ਰਹੇ | ਉਨ੍ਹਾਂ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਦਿਹਾਤੀ ਖੇਤਰ ਦੀਆਂ ਸੰਪਰਕ ਤੇ ਮੁੱਖ ਸੜਕਾਂ 'ਤੇ ਪ੍ਰੀਮਿਕਸ ਪਾਉਣ ਲਈ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀਆਂ ਨੰੂ ਹਦਾਇਤਾਂ ਜਾਰੀ ਕੀਤੀਆਂ ਜਾਣ, ਜਿਸ ਨਾਲ ਲੋਕਾਂ ਦੀ ਮੁਸ਼ਕਿਲ ਦਾ ਹੱਲ ਹੋ ਸਕੇ |