ਪਠਾਨਕੋਟ, 19 ਮਈ (ਸੁਮਿਤ)-ਆਮ ਆਦਮੀ ਪਾਰਟੀ ਨਾਲ ਲੰਬੇ ਸਮੇਂ ਤੋਂ ਜੁੜੇ ਅਮਿਤ ਮਿੱਠੂ ਨੇ ਨਾਰਾਜ਼ਗੀਆਂ ਦੇ ਚੱਲਦੇ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉੱਤਰਨ ਦਾ ਫ਼ੈਸਲਾ ਕੀਤਾ ਹੈ | ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਅਮਿਤ ਮਿੱਠੂ ਸਿਰਫ਼ ਇਕ ਲੀਡਰ ਹੀ ਨਹੀਂ, ਸਗੋਂ ਇਕ ਸਮਾਜ ਸੇਵੀ ਵਜੋਂ ਵੀ ਆਪਣੀ ਖ਼ਾਸ ਪਹਿਚਾਣ ਰੱਖਦੇ ਹਨ | ਉਨ੍ਹਾਂ ਵਲੋਂ ਸਮੇਂ-ਸਮੇਂ 'ਤੇ ਵਾਰਡ ਵਾਸੀਆਂ ਦੀ ਹਰ ਸਮੱਸਿਆ ਦੇ ਹੱਲ ਲਈ ਆਵਾਜ਼ ਉਠਾਈ ਗਈ ਹੈ | ਇਸ ਸਬੰਧੀ ਗੱਲਬਾਤ ਕਰਦੇ ਹੋਏ ਅਮਿਤ ਮਿੱਠੂ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸਨ ਤੇ ਪਾਰਸ਼ਦ ਨਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਵਲੋਂ ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ ਤੇ ਕਈ ਸਮੱਸਿਆਵਾਂ ਦਾ ਹੱਲ ਵੀ ਕਰਵਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਉਹ ਅੱਜ ਵੀ ਵਾਰਡ ਵਾਸੀਆਂ ਦੀ ਸੇਵਾ ਲਈ ਹਰ ਵੇਲੇ ਹਾਜ਼ਰ ਹਨ ਤੇ ਉਨ੍ਹਾਂ ਨੂੰ ਪੂਰਾ ਭਰੋਸਾ ਸੀ ਕਿ ਆਮ ਆਦਮੀ ਪਾਰਟੀ ਵਲੋਂ ਉਨ੍ਹਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਜਾਵੇਗਾ ਤੇ ਉਹ ਵਾਰਡ ਵਾਸੀਆਂ ਦੇ ਆਸ਼ੀਰਵਾਦ ਨਾਲ ਜਿੱਤ ਹਾਸਲ ਕਰਕੇ ਪਾਰਟੀ ਹਾਈਕਮਾਨ ਦੀ ਝੋਲੀ 'ਚ ਪਾਉਣਗੇ | ਇਸ ਲਈ ਉਹ ਹਰ ਰੋਜ਼ ਮਿਹਨਤ ਵੀ ਕਰ ਰਹੇ ਸਨ, ਪਰ ਉਨ੍ਹਾਂ ਦੇ ਭਰੋਸੇ ਨੂੰ ਠੇਸ ਪਹੁੰਚੀ ਹੈ | ਇਸੇ ਕਰਕੇ ਆਪਣੇ ਸਮਰਥਕਾਂ ਦੇ ਕਹਿਣ 'ਤੇ ਉਹ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿਚ ਉੱਤਰੇ ਹਨ ਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਵਾਰਡ ਵਾਸੀਆਂ ਦੇ ਆਸ਼ੀਰਵਾਦ ਨਾਲ ਉਹ ਜਿੱਤ ਪ੍ਰਾਪਤ ਕਰਨਗੇ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾ ਸਕਣ | ਉਨ੍ਹਾਂ ਕਿਹਾ ਕਿ ਇਹ ਜਿੱਤ ਸਿਰਫ਼ ਉਨ੍ਹਾਂ ਦੀ ਨਹੀਂ, ਸਗੋਂ ਵਾਰਡ ਨੰਬਰ-35 ਦੇ ਹਰ ਵਾਸੀ ਦੀ ਜਿੱਤ ਹੋਵੇਗੀ |