ਗੁਰਦਾਸਪੁਰ, 3 ਜੂਨ (ਅਸ਼ੋਕ ਸ਼ਰਮਾ)-ਨਗਰ ਕੌਂਸਲ ਗੁਰਦਾਸਪੁਰ ਦੀ ਚੋਣ ਨੰੂ ਲੈ ਕੇ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਵਲੋਂ ਆਖ਼ਰੀ ਦਿਨ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ ਗਏ ਹਨ | ਜਿਸ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਵਲੋਂ ਪ੍ਰੈੱਸ ਵਾਰਤਾ ਕਰਕੇ ਸ਼ਹਿਰ ਦੀਆਂ 29 ਵਾਰਡਾਂ ਦੇ ਸਾਰੇ ਉਮੀਦਵਾਰਾਂ ਨਾਲ ਜਾਣ ਪਹਿਚਾਣ ਕਰਵਾਈ ਗਈ | ਉਨ੍ਹਾਂ ਕਹਾ ਕਿ ਪਾਰਟੀ ਵਲੋਂ ਸੂਝਵਾਨ, ਇਮਾਨਦਾਰ ਤੇ ਮਿਹਨਤੀ ਉਮੀਦਵਾਰਾਂ ਦੀ ਚੋਣ ਕਰਕੇ ਮੈਦਾਨ 'ਚ ਉਤਾਰਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਨਗਰ ਕੌਂਸਲ ਗੁਰਦਾਸਪੁਰ ਦੇ 29 ਵਾਰਡਾਂ 'ਤੇ ਕਾਂਗਰਸ ਦਾ ਕਬਜ਼ਾ ਰਿਹਾ ਹੈ | ਪਰ ਹੁਣ ਪੰਜਾਬ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਲੋਂ ਨਿਰਪੱਖ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਤੇ ਇਸ ਨਾਲ ਲੋਕਾਂ ਨੰੂ ਸਾਫ਼ ਸੁਥਰਾ ਮਾਹੌਲ ਮਿਲੇਗਾ | ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਜਲਦ ਕੂੜੇ ਦਾ ਪ੍ਰਬੰਧ, ਸੀਵਰੇਜ, ਵਾਟਰ ਸਪਲਾਈ, ਲਾਈਟਾਂ, ਪਾਣੀ ਆਦਿ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਪਿਛਲੀ ਨਗਰ ਕੌਂਸਲ 'ਤੇ ਕਾਂਗਰਸ ਦਾ ਕਬਜ਼ਾ ਹੋਣ ਕਰਕੇ ਗ਼ਲਤ ਢੰਗ ਨਾਲ ਸ਼ਹਿਰ ਅੰਦਰ ਨਾਜਾਇਜ਼ ਕਾਲੋਨੀਆਂ ਕਟਵਾਈਆਂ ਅਤੇ ਜਿਨ੍ਹਾਂ ਕੋਲ ਵਿਭਾਗ ਵਲੋਂ ਕੋਈ ਲੋੜੀਂਦੀ ਮਨਜ਼ੂਰੀ ਨਾ ਹੋਣ ਕਾਰਨ ਕਾਲੋਨੀ ਵਾਸੀ ਕਈ ਸਹੂਲਤਾਂ ਤੋਂ ਵਾਂਝੇ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਨਗਰ ਕੌਂਸਲ ਚੋਣਾਂ 'ਚ ਬਹੁਮਤ ਮਿਲਣ 'ਤੇ ਨਾਜਾਇਜ਼ ਕਾਲੋਨੀਆਂ ਦੀ ਜਾਂਚ ਪੜਤਾਲ ਕਰਵਾਈ ਜਾਵੇਗੀ ਤੇ ਜੋ ਸ਼ਰਤਾਂ ਪੂਰੀਆਂ ਕਰਦਾ ਹੋਵੇਗਾ, ਉਸ ਨੰੂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ | ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕਤੰਤਰ ਦੇ ਨਿਯਮਾਂ ਵਿਚ ਵਿਸ਼ਵਾਸ ਰੱਖਦੇ ਹਨ ਤੇ ਉਹ ਲੋਕਾਂ ਨੰੂ ਵਿਸ਼ਵਾਸ ਦਿਵਾਉਂਦੇ ਹਨ ਕਿ ਸਾਫ਼ ਸੁਥਰੀ ਰਾਜਨੀਤੀ ਕਰਕੇ ਸ਼ਹਿਰ ਵਾਸੀਆਂ ਨੰੂ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਭਾਰਤ ਭੂਸ਼ਨ ਸ਼ਰਮਾ, ਚੇਅਰਮੈਨ ਰਣਜੀਤ ਸਿੰਘ ਰਾਣਾ ਬਲਾਕ ਸੰਮਤੀ ਗੁਰਦਾਸਪੁਰ, ਸਕੱਤਰ ਜਗਜੀਤ ਸਿੰਘ, ਨੀਰਜ ਸਲਹੋਤਰਾ ਕੋਆਰਡੀਨੇਟਰ ਨਸ਼ਾ ਮੁਕਤ ਪੰਜਾਬ, ਐਡਵੋਕੇਟ ਸੁੱਚਾ ਸਿੰਘ ਮੁਲਤਾਨੀ ਆਦਿ ਹਾਜ਼ਰ ਸਨ |