ਪਠਾਨਕੋਟ, 4 ਜੂਨ ( ਸੁਮਿਤ)-ਆਨਲਾਈਨ ਖ਼ਰੀਦਦਾਰੀ ਦੌਰਾਨ ਲੱਖਾਂ ਰੁਪਏ ਦੀ ਕਥਿਤ ਠੱਗੀ ਦਾ ਸ਼ਿਕਾਰ ਹੋਏ ਕੁਝ ਲੋਕਾਂ ਨੇ ਪੁਲਿਸ ਥਾਣਾ ਡਵੀਜ਼ਨ ਨੰਬਰ-2 ਵਿਚ ਸ਼ਿਕਾਇਤ ਦਰਜ ਕਰਵਾਈ ਹੈ | ਸ਼ਿਕਾਇਤਕਰਤਾਵਾਂ ਅਮਨਦੀਪ ਸਿੰਘ ਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਨਲਾਈਨ ਪਲੇਟਫ਼ਾਰਮ 'ਮੈਂਤਰਾ' ਤੋਂ ਕਰੀਬ ਪੌਣੇ ਦੋ ਲੱਖ ਰੁਪਏ ਦਾ ਸੋਨੇ ਦਾ ਸਿੱਕਾ (ਗੋਲਡ ਕੋਇਨ) ਆਰਡਰ ਕੀਤਾ ਸੀ | ਉਨ੍ਹਾਂ ਦੇ ਅਨੁਸਾਰ ਜਦੋਂ ਹੋਮ ਡਲਿਵਰੀ ਰਾਹੀਂ ਪੈਕੇਟ ਪ੍ਰਾਪਤ ਹੋਇਆ ਤਾਂ ਉਸ ਨੂੰ ਖੋਲ੍ਹਣ 'ਤੇ ਅੰਦਰ ਆਰਡਰ ਕੀਤਾ ਗਿਆ ਗੋਲਡ ਕੋਇਨ ਨਹੀਂ ਮਿਲਿਆ | ਪੈਕੇਟ 'ਚ ਮਿਲੇ ਕੁਝ ਸੁਰਾਗਾਂ ਦੇ ਆਧਾਰ 'ਤੇ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਉਨ੍ਹਾਂ ਨਾਲ ਧੋਖਾਧੜੀ ਹੋਈ ਹੈ | ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਸਬੰਧਿਤ ਕੰਪਨੀ ਤੇ ਕੋਰੀਅਰ ਸੇਵਾ ਨਾਲ ਸੰਪਰਕ ਕੀਤਾ, ਪਰ ਕੋਈ ਸੰਤੋਸ਼ਜਨਕ ਜਵਾਬ ਨਾ ਮਿਲਣ 'ਤੇ ਪੁਲਿਸ ਦੀ ਸ਼ਰਨ ਲਈ | ਅਮਨਦੀਪ ਸਿੰਘ ਨੇ ਦੋਸ਼ ਲਗਾਇਆ ਕਿ ਇਸ ਮਾਮਲੇ ਵਿਚ ਕੋਰੀਅਰ ਕੰਪਨੀ ਦੀ ਭੂਮਿਕਾ ਦੀ ਵੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਪੈਕੇਟ ਦੀ ਡਲਿਵਰੀ ਦੌਰਾਨ ਕਿਸੇ ਪੱਧਰ 'ਤੇ ਗੜਬੜ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਮਾਮਲੇ ਸਬੰਧੀ ਥਾਣਾ ਡਵੀਜ਼ਨ ਨੰਬਰ-2 ਦੇ ਮੁਖੀ ਇੰਸਪੈਕਟਰ ਅਮਿਤ ਸਿੰਘ ਨੇ ਸ਼ਿਕਾਇਤ ਪ੍ਰਾਪਤ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਾਰੇ ਤੱਥਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ | ਉਨ੍ਹਾਂ ਭਰੋਸਾ ਦਿਵਾਇਆ ਕਿ ਜੇਕਰ ਜਾਂਚ ਦੌਰਾਨ ਕਿਸੇ ਵੀ ਵਿਅਕਤੀ ਜਾਂ ਸੰਸਥਾ ਦੀ ਲਾਪ੍ਰਵਾਹੀ ਜਾਂ ਧੋਖਾਧੜੀ ਸਾਹਮਣੇ ਆਉਂਦੀ ਹੈ ਤਾਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ | ਪੁਲਿਸ ਨੇ ਸ਼ਿਕਾਇਤਕਰਤਾਵਾਂ ਤੋਂ ਸਬੂਤ ਤੇ ਦਸਤਾਵੇਜ਼ ਵੀ ਮੰਗੇ ਹਨ ਤਾਂ ਜੋ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾ ਸਕੇ |