ਨਰੋਟ ਮਹਿਰਾ, 4 ਜੂਨ (ਰਾਜ ਕੁਮਾਰੀ)-ਸਰਨਾ ਨਰੋਟ ਵਾਲੀ ਪੁਲੀ 'ਤੇ 3 ਦੁਕਾਨਾਂ ਵਿਚ ਅਚਾਨਕ ਅੱਗ ਲੱਗ ਗਈ | ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ | ਅੱਗ ਬੁਝਾਉਣ ਲਈ ਪਠਾਨਕੋਟ ਤੋਂ ਪੰਜ ਦੇ ਕਰੀਬ ਅੱਗ ਬੁਝਾਉਣ ਵਾਲੀਆਂ ਗੱਡੀਆਂ ਪਹੁੰਚੀਆਂ | ਬਹੁਤ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ | ਇਹ ਹਾਦਸਾ ਤੜਕਸਾਰ ਸਵੇਰੇ 5 ਵਜੇ ਹੋਇਆ | ਅੱਗ ਦੀ ਇਸ ਘਟਨਾ 'ਚ ਲੱਖਾਂ ਰੁਪਏ ਦਾ ਨੁਕਸਾਨ ਹੋਇਆ | ਅੱਗ 'ਤੇ ਸਵੇਰੇ 7 ਵਜੇ ਦੇ ਕਰੀਬ ਕਾਬੂ ਪਾਇਆ ਗਿਆ | ਫ਼ਰਨੀਚਰ ਕਾਰੋਬਾਰੀ ਬਲਦੇਵ ਰਾਜ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ 'ਚ ਅਚਾਨਕ ਅੱਗ ਲੱਗ ਗਈ | ਦੁਕਾਨ 'ਚ ਲਗਭਗ 3 ਲੱਖ ਰੁਪਏ ਦਾ ਫ਼ਰਨੀਚਰ ਅਤੇ ਹੋਰ ਸਮਾਨ ਸੀ | ਉਨ੍ਹਾਂ ਨੂੰ ਸਵੇਰੇ 4:30 ਤੋਂ 5 ਵਜੇ ਵਿਚਕਾਰ ਘਟਨਾ ਦੀ ਜਾਣਕਾਰੀ ਮਿਲੀ | ਗੁਆਂਢੀ ਨੇ ਫ਼ੋਨ ਕਰ ਦੁਕਾਨ ਵਿਚ ਅੱਗ ਲੱਗਣ ਦੀ ਸੂਚਨਾ ਦਿੱਤੀ | ਜਦੋਂ ਅਸੀਂ ਪਹੁੰਚੇ ਤਾਂ ਪੂਰੀਆਂ ਦੁਕਾਨਾਂ ਅੱਗ ਦੀ ਲਪੇਟ 'ਚ ਆ ਚੁੱਕੀਆਂ ਸਨ | ਇਸ ਸਬੰਧ 'ਚ ਡੇਰਾ ਬਾਬਾ ਸੰਤ ਪੁਰੀ ਦੇ ਸਾਬਕਾ ਸਰਪੰਚ ਮਨੋਹਰ ਲਾਲ ਨੇ ਦੱਸਿਆ ਕਿ ਬਲਦੇਵ ਰਾਜ, ਜੋਗਿੰਦਰ ਪਾਲ ਤੇ ਮਦਨ ਲਾਲ ਦੀਆਂ ਦੁਕਾਨਾਂ ਸੜੀਆਂ ਹਨ | ਉਨ੍ਹਾਂ ਕਿਹਾ ਕਿ ਤਿੰਨਾਂ ਦੁਕਾਨਦਾਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਗ਼ਰੀਬ ਦੁਕਾਨਦਾਰਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਉਹ ਆਪਣਾ ਦੁਬਾਰਾ ਕਾਰੋਬਾਰ ਸ਼ੁਰੂ ਕਰ ਸਕਣ |