26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸੜਕ ਦਾ ਪੱਧਰ ਉੱਚਾ ਚੁੱਕਣ 'ਤੇ ਦੁਕਾਨਦਾਰਾਂ ਨੇ ਲਗਾਇਆ ਰੋਸ ਧਰਨਾ

ਰੋਸ ਧਰਨੇ 'ਚ ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ | ਤਸਵੀਰ : ਕੁਲਵਿੰਦਰ ਸਿੰਘ <br/> 08-06-2026
ਕਾਦੀਆਂ, 7 ਜੂਨ (ਕੁਲਵਿੰਦਰ ਸਿੰਘ)-ਕਾਦੀਆਂ ਸ਼ਹਿਰ 'ਚ 13 ਜੂਨ ਨੂੰ ਨਗਰ ਕੌਂਸਲ ਦੀ ਚੋਣ ਵਾਸਤੇ ਜਿੱਥੇ ਵੋਟਾਂ ਪਾਉਣ ਲਈ ਚੋਣ ਪ੍ਰਚਾਰ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰ ਸਰਗਰਮ ਹਨ, ਉਥੇ ਅੱਜ ਦੂਸਰੇ ਪਾਸੇ ਕਾਦੀਆਂ ਦੇ ਬੁੱਟਰ ਰੋਡ 'ਤੇ ਸਥਿਤ ਕੁਝ ਦੁਕਾਨਦਾਰਾਂ ਵਲੋਂ ਨਿਰਮਾਣ ਅਧੀਨ ਸੜਕ ਦਾ ਪੱਧਰ ਉੱਚਾ ਚੁੱਕਣ ਨੂੰ ਲੈ ਕੇ ਰੋਸ ਧਰਨਾ ਦਿੱਤਾ ਗਿਆ | ਰੋਸ ਧਰਨੇ 'ਚ ਵੱਖ-ਵੱਖ ਸਿਆਸੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਆਗੂ ਵੀ ਇਕੱਠੇ ਹੋ ਕੇ ਲੋਕਾਂ ਦੇ ਨਾਲ ਰੋਸ ਧਰਨੇ ਵਿਚ ਸ਼ਾਮਿਲ ਹੋ ਗਏ | ਜ਼ਿਕਰਯੋਗ ਹੈ ਕਿ ਪਿਛਲੇ 5-6 ਮਹੀਨਿਆਂ ਤੋਂ ਇਸ ਸੜਕ ਦਾ ਨਿਰਮਾਣ ਕਾਰਜ ਮੱਧਮ ਚਾਲ ਨਾਲ ਚੱਲ ਰਿਹਾ ਹੈ ਅਤੇ ਇਸ ਉੱਪਰ ਲੋਕ ਨਿਰਮਾਣ ਵਿਭਾਗ ਵਲੋਂ ਪੱਥਰ ਪਾਉਣ ਉਪਰੰਤ ਲੁੱਕ ਤੇ ਪ੍ਰੀਮਿਕਸ ਪਾਏ ਜਾਣ ਦਾ ਕੰਮ ਸ਼ੁਰੂ ਕੀਤਾ ਜਾਣਾ ਸੀ, ਪਰ ਕੁਝ ਦੁਕਾਨਦਾਰਾਂ ਤੇ ਨਜ਼ਦੀਕੀ ਮੁਹੱਲਾ ਨਿਵਾਸੀਆਂ ਵਲੋਂ ਸੜਕ ਦਾ ਪੱਧਰ ਉੱਚਾ ਚੁੱਕਣ ਨੂੰ ਲੈ ਕੇ ਇਤਰਾਜ਼ ਕੀਤਾ ਗਿਆ | ਥੋੜ੍ਹੇ ਸਮੇਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ, ਸਾਬਕਾ ਨਗਰ ਕੌਂਸਲ ਪ੍ਰਧਾਨ ਜਰਨੈਲ ਸਿੰਘ ਮਾਹਲ, ਫ਼ਤਹਿਗੜ੍ਹ ਚੂੜੀਆਂ ਤੋਂ ਵਿਧਾਇਕ ਤਿ੍ਪਤ ਰਜਿੰਦਰ ਸਿੰਘ ਬਾਜਵਾ, ਭਾਜਪਾ ਆਗੂ ਅਰੁਣ ਕੁਮਾਰ ਭਾਟੀਆ (ਵਿਲੀਅਮ) ਤੇ ਵੱਖ-ਵੱਖ ਵਾਰਡਾਂ ਤੋਂ ਤਿੰਨਾਂ ਪਾਰਟੀਆਂ ਦੇ ਖੜ੍ਹੇ ਉਮੀਦਵਾਰ ਤੇ ਉਨ੍ਹਾਂ ਦੇ ਸਮਰਥਕ ਵੀ ਆ ਗਏ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ | ਵਿਧਾਇਕ ਪ੍ਰਤਾਪ ਸਿੰਘ ਬਾਜਵਾ ਜੋ ਸ਼ਹਿਰ ਤੋਂ ਬਾਹਰ ਸਨ, ਉਨ੍ਹਾਂ ਨਾਲ ਵੀ ਪਾਰਟੀ ਵਰਕਰਾਂ ਨੇ ਗੱਲਬਾਤ ਕੀਤੀ | ਉਪਰੰਤ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਨਿਰਮਲ ਸਿੰਘ ਵੀ ਰੋਸ ਧਰਨੇ ਵਿਚ ਲੋਕਾਂ ਦੀ ਗੱਲ ਸੁਣਨ ਲਈ ਪੁੱਜੇ | ਵੱਖ-ਵੱਖ ਆਗੂਆਂ ਨੇ ਕਿਹਾ ਕਿ ਵਿਭਾਗ ਬਿਨ੍ਹਾਂ ਸੋਚੇ ਸਮਝੇ ਸੜਕ ਦਾ ਨਿਰਮਾਣ ਆਮ ਪੱਧਰ ਨਾਲੋਂ ਉੱਚਾ ਕਰਵਾ ਰਿਹਾ ਹੈ, ਜਿਸ ਨਾਲ ਬਰਸਾਤ ਦੇ ਦਿਨਾਂ 'ਚ ਨਜ਼ਦੀਕ ਦੇ ਮੁਹੱਲੇ ਤੇ ਕਾਲੋਨੀਆਂ ਪਾਣੀ ਨਾਲ ਡੁੱਬ ਜਾਣਗੀਆਂ, ਲੋਕਾਂ ਨੂੰ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ | ਐਕਸੀਅਨ ਵਲੋਂ ਸੜਕ ਦਾ ਪੱਧਰ ਉੱਚਾ ਨਾ ਚੁੱਕਣ ਦਾ ਭਰੋਸਾ ਦੇਣ 'ਤੇ ਧਰਨਾ ਖ਼ਤਮ ਕਰ ਦਿੱਤਾ ਗਿਆ | ਉਧਰ ਆਮ ਆਦਮੀ ਪਾਰਟੀ ਦੇ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਅੱਜ ਦੇ ਧਰਨੇ ਤੋਂ ਕਾਦੀਆਂ ਸ਼ਹਿਰ ਅੰਦਰ ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਕਾਂਗਰਸ ਪਾਰਟੀ ਵਿਕਾਸ ਕਾਰਜ ਨਹੀਂ ਚਾਹੁੰਦੀ ਤੇ ਹਰ ਕੰਮ ਵਿਚ ਰੁਕਾਵਟ ਪਾਈ ਜਾ ਰਹੀ ਹੈ | ਨਗਰ ਕੌਂਸਲ ਚੋਣਾਂ 'ਚ ਇਨ੍ਹਾਂ ਪਾਰਟੀਆਂ ਨੂੰ ਆਪਣੀ ਹਾਰ ਦਿਸ ਰਹੀ ਹੈ | ਰੋਸ ਧਰਨੇ 'ਚ ਅਮਰਇਕਬਾਲ ਸਿੰਘ ਮਾਹਲ, ਹਰਪ੍ਰੀਤ ਸਿੰਘ ਮਾਹਲ, ਡਾ. ਤਿਲਕ ਰਾਜ, ਵਿਜੇ ਕੁਮਾਰ, ਗਗਨਦੀਪ ਸਿੰਘ ਗਿੰਨੀ ਭਾਟੀਆ, ਰਾਜ ਕੁਮਾਰ ਜੀਟਰ, ਅਰੁਣ ਭਾਟੀਆ, ਛੋਟੂ ਸੋਨੀ, ਵਿਨੋਦ ਕੁਮਾਰ ਟੋਨੀ, ਰਿੰਪਲ ਸੰਧੂ, ਅਸ਼ੋਕ ਕੁਮਾਰ, ਪ੍ਰੇਮ ਸਿੰਘ ਘੁੰਮਣ, ਰਮੇਸ਼ ਕੁਮਾਰ, ਵਿੱਕੀ ਮਹਾਜਨ, ਤਿਲਕ ਰਾਜ ਮਹਾਜਨ, ਬਲਾਕ ਕਾਂਗਰਸ ਆਗੂ ਮਹਿੰਦਰਪਾਲ, ਸਰਬਜੀਤ ਸਿੰਘ ਮਾਹਲ, ਸੁਖਵਿੰਦਰ ਸਿੰਘ, ਬੌਬੀ, ਮਹਿੰਦਰਪਾਲ ਆਦਿ ਵੱਡੀ ਗਿਣਤੀ 'ਚ ਸਮਰਥਕ ਹਾਜ਼ਰ ਸਨ |
ਪਿਛਲੀ ਖ਼ਬਰ ਵੱਖ-ਵੱਖ ਪਾਰਟੀਆਂ ਦੇ 70 ਦੇ ਕਰੀਬ ਆਗੂ ਅਕਾਲੀ ਦਲ 'ਵਾਰਿਸ ਪੰਜਾਬ ਦੇ' ਪਾਰਟੀ 'ਚ ਸ਼ਾਮਿਲ ਅਗਲੀ ਖ਼ਬਰ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਆਪਣੇ ਉਮੀਦਵਾਰ ਦੇ ਹੱਕ ਵਿਚ ਕੀਤਾ ਚੋਣ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।