04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਬ੍ਰਾਂਚ ਸੱਖੋਵਾਲ ਮਾਈਨਰ ਪੱਕਿਆਂ ਕਰਨ ਤੋਂ ਬਾਅਦ ਪਹਿਲੀ ਵਾਰੀ ਛੱਡਿਆ ਪਾਣੀ

ਅਜੀਤ ਡੈਸਕ 10-06-2026
ਘੁਮਾਣ, 9 ਜੂਨ (ਬੰਮਰਾਹ)-ਅੱਪਰਬਾਰੀ ਦੁਆਬ ਨਹਿਰ 'ਚੋੋਂ ਨਿਕਲਣ ਵਾਲੇ ਰਜਬਾਹੇ ਬ੍ਰਾਂਚ ਸੱਖੋਵਾਲ ਮਾਈਨਰ ਵਿਚ ਲੰਬੇ ਸਮੇਂ ਤੋਂ ਪਾਣੀ ਨਾ ਆਉਣ ਕਾਰਨ ਲੋਕਾਂ ਵਿਚ ਹਾਹਾਕਾਰ ਮਚੀ ਹੋਈ ਸੀ, ਕਿਉਂਕਿ ਇੱਟਾਂ ਨਾਲ ਪੱਕੇ ਹੋਏ ਰਜਬਾਹੇ ਦੀ ਸਾਹਮਣੇ ਵਾਲੇ ਪਾਸੇ ਤੋਂ ਉਚਾਈ ਹੋਣ ਕਰਕੇ ਪਿੰਡਾਂ ਤੱਕ ਪਾਣੀ ਨਹੀਂ ਸੀ ਪਹੁੰਚਦਾ, ਸਰਕਾਰ ਵਲੋਂ ਭਾਵੇਂ ਇਸ ਨੂੰ ਸੀਮਿੰਟ ਨਾਲ ਪੱਕਾ ਕਰ ਦਿੱਤਾ ਗਿਆ ਹੈ, ਪਰ ਹੁਣ ਵੱਖਰੇ ਤਰੀਕੇ ਦੀ ਸਮੱਸਿਆ ਲੋਕਾਂ ਨੂੰ ਸਾਹਮਣੇ ਆ ਰਹੀ ਹੈ, ਜਿੱਥੇ ਰਜਬਾਹਾ ਪੱਕਾ ਹੋਣ ਕਰ ਕੇ ਪਾਣੀ ਤੇਜ਼ੀ ਨਾਲ ਟੇਲ ਵੱਲ ਵਧ ਰਿਹਾ ਹੈ, ਉੱਥੇ ਸੱਖੋਵਾਲ, ਭੱਟੀਵਾਲ, ਸ਼ੈਰੋਵਾਲ ਆਦਿ ਪਿੰਡਾਂ ਨੂੰ ਪਾਣੀ ਹਾਲੇ ਵੀ ਨਹੀਂ ਮਿਲ ਰਿਹਾ | ਕਿਸਾਨਾਂ ਦਾ ਕਹਿਣਾ ਹੈ ਕਿ ਰਜਬਾਹੇ ਦੀ ਢਲਾਨ ਜ਼ਿਆਦਾ ਹੋਣ ਕਾਰਨ ਮੋਗਿਆਂ 'ਚ ਪਾਣੀ ਨਹੀਂ ਆ ਰਿਹਾ, ਪਾਣੀ ਸਿੱਧਾ ਢਲਾਨ ਵੱਲ ਜਾ ਰਿਹਾ ਹੈ | ਦੂਸਰੇ ਪਾਸੇ ਪਿੰਡ ਚੀਮਾ ਕੱਲਾ ਤੇ ਵੀਲਾ ਬੱਜੂ ਨੇੜੇ ਰਜਬਾਹੇ ਨੂੰ ਦੋ ਜਗ੍ਹਾ ਤੋਂ ਵੱਡਾ ਪਾੜ ਪੈ ਗਿਆ ਹੈ, ਜਿਸ ਕਰਕੇ ਕਿਸਾਨਾਂ ਦੇ ਖੇਤਾਂ ਦੇ ਨਾਲ ਨਾਲ ਘਰਾਂ ਵਿਚ ਪਾਣੀ ਵੜ ਗਿਆ | ਕਿਸਾਨ ਸੁਖਵਿੰਦਰ ਸਿੰਘ, ਗੁਰਮੇਲ ਸਿੰਘ ਆਦਿ ਨੇ ਦੱਸਿਆ ਕਿ ਠੇਕੇਦਾਰਾਂ ਵਲੋਂ ਰਜਬਾਹੇ ਨੂੰ ਬਣਾ ਤਾਂ ਦਿੱਤਾ ਗਿਆ, ਪਰ ਟੇਲ ਤੋਂ ਅੱਗੇ ਪਾਣੀ ਦਾ ਕਿਸੇ ਤਰ੍ਹਾਂ ਦਾ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਰਕੇ ਪਾਣੀ ਸਿੱਧਾ ਲੋਕਾਂ ਦੇ ਖੇਤਾਂ ਵਿਚ ਜਾ ਰਿਹਾ ਹੈ | ਪਾਣੀ ਨੂੰ ਦਾਬ ਲੱਗਣ ਕਾਰਨ ਰਜਬਾਹਾ ਦੋ ਜਗ੍ਹਾ ਤੋਂ ਟੁੱਟ ਗਿਆ | ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਖੇਤ ਹਾਲੇ ਤੱਕ ਤਿਆਰ ਨਹੀਂ ਹੋਏ ਸਨ | ਉਪਰੋਂ ਰਜਬਾਹੇ ਦਾ ਪਾਣੀ ਖੁੱਲ ਕੇ ਖੇਤਾਂ ਵਿਚ ਪੈ ਗਿਆ, ਜਿਸ ਨਾਲ ਕਿਸਾਨਾਂ ਦਾ ਨੁਕਸਾਨ ਹੋਇਆ ਹੈ | ਦੂਸਰੇ ਪਾਸੇ ਝੋਨਾ ਲਾਉਣ ਲਈ ਲੇਬਰ ਦਾ ਪ੍ਰਬੰਧ ਵੀ ਨਹੀਂ ਹੋ ਸਕਿਆ | ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਖੇਤਾਂ ਨੂੰ ਸੁਕਾਉਂਦੇ ਹਨ ਤਾਂ ਝੋਨਾ ਲਗਾਉਣ ਦਾ ਸਮਾਂ ਲੰਘ ਜਾਵੇਗਾ | ਉਨ੍ਹਾਂ ਕਿਹਾ ਕਿ ਘਟੀਆ ਮਟੀਰੀਅਲ ਨਾਲ ਬਣਿਆ ਰਜਬਾਹਾ, ਜਿਸ ਦੀ ਜਿਆਦਾ ਮੁਨਿਆਦ ਦਿਖਾਈ ਨਹੀਂ ਦੇ ਰਹੀ | ਉਨ੍ਹਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਕਿਸਾਨਾਂ ਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ | ਇਸ ਸਬੰਧੀ ਨਹਿਰੀ ਵਿਭਾਗ ਦੇ ਐਸ.ਡੀ.ਓ. ਕੁਲਦੀਪ ਸਿੰਘ ਢਿੱਲੋਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਵੱਡਾ ਉਪਰਾਲਾ ਕੀਤਾ ਗਿਆ ਹੈ ਕਿ ਕਿਸਾਨਾਂ ਨੂੰ ਟੇਲਾਂ ਤੱਕ ਪਾਣੀ ਪਹੁੰਚਾ ਕੇ ਦੇਣਾ ਹੈ | ਉਨ੍ਹਾਂ ਕਿਹਾ ਕਿ ਲੰਬੇ ਅਰਸੇ ਬਾਅਦ ਲੋਕਾਂ ਨੂੰ ਨਹਿਰੀ ਪਾਣੀ ਪਹਿਲਾਂ ਨਾਲੋਂ ਦੋ ਗੁਣਾ ਵੱਧ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਲੋਕ ਮੰਗ ਕਰਦੇ ਸਨ ਕਿ ਰਜਬਾਹਿਆਂ ਦਾ ਪਾਣੀ ਆਉਣਾ ਚਾਹੀਦਾ ਹੈ, ਪਰ ਹੁਣ ਛੱਡੇ ਗਏ ਮੋਗਿਆਂ ਨੂੰ ਲੋਕ ਖੋਲ ਨਹੀਂ ਰਹੇ, ਜਿਸ ਕਰਕੇ ਰਜਬਾਹੇ ਨੱਕੋ-ਨੱਕ ਭਰ ਗਏ ਹਨ | ਉਨ੍ਹਾਂ ਕਿਹਾ ਕਿ ਰਜਬਾਹਾ ਬਣਾਉਣ ਵਾਲੀ ਕੰਪਨੀ ਇਕ ਸਾਲ ਲਈ ਜ਼ਿੰਮੇਵਾਰ ਹੈ, ਜਿਸ ਜਗ੍ਹਾ ਤੋਂ ਨੁਕਸਾਨ ਹੋਇਆ ਹੈ, ਉਸ ਦੀ ਮੁਰੰਮਤ ਇਕ-ਦੋ ਦਿਨ ਵਿਚ ਹੀ ਮੁਕੰਮਲ ਕਰ ਲਈ ਜਾਵੇਗੀ | ਉਨ੍ਹਾਂ ਕਿਹਾ ਕਿ ਵੀਲੇ ਤੋਂ ਅੱਗੇ ਤਿੰਨ ਖਾਲ ਰਿਕਾਰਡ ਮੁਤਾਬਕ ਹਨ, ਪਰ ਲੋਕਾਂ ਵਲੋਂ ਇਨ੍ਹਾਂ 'ਤੇ ਕਬਜ਼ਾ ਕੀਤਾ ਹੋਇਆ ਹੈ | ਉਨ੍ਹਾਂ ਕਿਹਾ ਕਿ ਕਈ ਜਗ੍ਹਾ ਤੇ ਇਕ ਮੋਗੇ ਨੂੰ 25 ਏਕੜ ਜ਼ਮੀਨ ਲਗਦੀ ਹੈ ਅਤੇ ਕਈ ਮੋਗਿਆਂ ਨੂੰ 1500 ਏਕੜ ਵੀ ਲਗਦੀ ਹੈ, ਜਿਸ ਕਰਕੇ ਲੋਕਾਂ ਨੂੰ ਇਨ੍ਹਾਂ ਦਾ ਫਾਇਦਾ ਲੈਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸੀਜਨ ਹੋਣ ਕਰਕੇ ਪੁਲਾਂ ਤੇ ਪੁਲੀਆਂ ਦਾ ਕੰਮ ਅਧੂਰਾ ਰਹਿ ਗਿਆ ਹੈ, ਜੋ ਕਿ ਝੋਨੇ ਤੇ ਸੀਜਨ ਤੋਂ ਬਾਅਦ ਜਲਦ ਮੁਕੰਮਲ ਕਰ ਲਿਆ ਜਾਵੇਗਾ |
ਪਿਛਲੀ ਖ਼ਬਰ ਨਗਰ ਕੌਂਸਲ ਦੇ ਕਰਮਚਾਰੀ ਵਿਰੁੱਧ ਮਾਮਲਾ ਦਰਜ ਹੋਣ 'ਤੇ ਕਰਮਚਾਰੀਆਂ ਵਲੋਂ ਥਾਣੇ ਸਾਹਮਣੇ ਪ੍ਰਦਰਸ਼ਨ ਅਗਲੀ ਖ਼ਬਰ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਵਿਚ ਸੰਮਤੀ ਚੇਅਰਪਰਸਨ ਦਲਜੀਤ ਕੌਰ ਤੇ ਉਪ ਚੇਅਰਮੈਨ ਮਹਿੰਦਰ ਸਿੰਘ ਦਾਲਮ ਦੀ ਹੋਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।