ਨਰੋਟ ਜੈਮਲ ਸਿੰਘ, 9 ਜੂਨ (ਸ਼ਸ਼ੀ ਕੁਮਾਰ)-ਐਸ.ਐਸ.ਪੀ. ਪਠਾਨਕੋਟ ਦਲਜਿੰਦਰਜੀਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਾਨੰੂਨੀ ਵਿਵਸਥਾ ਨੂੰ ਕਾਇਮ ਰੱਖਣ ਲਈ ਤੇ ਭੈੜੇ ਪੁਰਸ਼ਾਂ 'ਤੇ ਤੰਜ ਕੱਸਣ ਲਈ ਚਲਾਈ ਗਈ ਮੁਹਿੰਮ ਤਹਿਤ ਥਾਣਾ ਨਰੋਟ ਜੈਮਲ ਸਿੰਘ ਦੇ ਇੰਚਾਰਜ ਸਬ ਇੰਸਪੈਕਟਰ ਕੁਲਦੀਪ ਰਾਜ ਦੀ ਅਗਵਾਈ ਹੇਠ ਸਰਹੱਦੀ ਇਲਾਕੇ ਦੇ ਪਿੰਡਾਂ 'ਚ ਪੁਲਿਸ ਨੇ ਪੰਜਾਬ ਪੁਲਿਸ ਦੇ ਘਾਤਕ ਕਮਾਂਡੋ ਦੀ ਟੁਕੜੀ ਨੂੰ ਲੈ ਕੇ ਤਲਾਸ਼ੀ ਮੁਹਿੰਮ ਚਲਾਈ ਗਈ | ਇਸ ਮੁਹਿੰਮ ਤਹਿਤ ਪੁਲਿਸ ਨੇ ਸ਼ੱਕੀ ਥਾਵਾਂ ਤੇ ਗੁੱਜਰਾਂ ਦੇ ਘਰਾਂ ਨੂੰ ਬਰੀਕੀ ਨਾਲ ਖੰਘਾਲਿਆ ਤੇ ਉਨ੍ਹਾਂ ਦੇ ਆਧਾਰ ਕਾਰਡ ਤੇ ਵੋਟਰ ਕਾਰਡ ਚੈੱਕ ਕੀਤੇ | ਇਸ ਮੌਕੇ ਤਲਾਸ਼ੀ ਮੁਹਿੰਮ ਦੀ ਦੇਖ ਰੇਖ ਕਰਦੇ ਹੋਏ ਐਸ.ਐਚ.ਓ. ਕੁਲਦੀਪ ਰਾਜ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਦੇ ਹੁਕਮਾਂ ਦੀ ਪਾਲਨਾ ਕਰਦੇ ਹੋਏ 18 ਜੂਨ ਤੱਕ ਲਗਾਤਾਰ ਚੱਲ ਰਹੀ ਮੁਹਿੰਮ ਤਹਿਤ ਸਰਹੱਦੀ ਖੇਤਰ ਵਿਚ ਤਲਾਸ਼ੀ ਮੁਹਿੰਮ ਚਲਾ ਕੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕਰਨ ਦਾ ਦਾਅਵਾ ਕੀਤਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਵਿਅਕਤੀ ਨੂੰ ਆਪਣੇ ਘਰ ਵਿਚ ਕਿਰਾਏ 'ਤੇ ਰੱਖਣ ਤੋਂ ਪਹਿਲਾਂ ਉਨ੍ਹਾਂ ਦਾ ਪਹਿਚਾਣ ਪੱਤਰ ਲੈ ਕੇ ਉਨ੍ਹਾਂ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਪੁਲਿਸ ਅਪਰਾਧ ਕਰਨ ਵਾਲੇ ਲੋਕਾਂ ਤੇ ਸਮਾਜਿਕ ਬੁਰਾਈਆਂ ਫੈਲਾਉਣ ਵਾਲੇ ਲੋਕਾਂ ਤੱਕ ਪਹੁੰਚਣ ਲਈ ਕਾਮਯਾਬ ਹੋ ਸਕੇ ਤੇ ਕਿਹਾ ਕਿ ਜੇਕਰ ਤੁਹਾਡੇ ਆਸ-ਪਾਸ ਕੋਈ ਸ਼ੱਕੀ ਵਿਅਕਤੀ ਦਿਖਾਈ ਦਿੰਦਾ ਹੈ ਤਾਂ ਤੁਰੰਤ ਉਸ ਦੀ ਪੁਲਿਸ ਨੂੰ ਸਮੇਂ ਸਿਰ ਸੂਚਨਾ ਦਿੱਤੀ ਜਾਵੇ | ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਤੇ ਕਿਹਾ ਕਿ ਪੁਲਿਸ ਪਬਲਿਕ ਦੇ ਤਾਲਮੇਲ ਤੋਂ ਬਿਨ੍ਹਾਂ ਕਦੇ ਵੀ ਆਪਣੇ ਮਕਸਦ ਵਿਚ ਕਾਮਯਾਬ ਨਹੀਂ ਹੋ ਸਕਦੀ | ਇਸ ਲਈ ਪੁਲਿਸ 'ਤੇ ਲੋਕਾਂ ਵਿਚ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ |