ਪਠਾਨਕੋਟ, 9 ਜੂਨ (ਸੰਧੂ)-ਭਾਜਪਾ ਦੇ ਜ਼ਿਲ੍ਹਾ ਬੁਲਾਰੇ ਅਤੇ ਸੀਨੀਅਰ ਆਗੂ ਯੋਗੇਸ਼ ਠਾਕੁਰ ਨੇ ਪੱਤਰਕਾਰਾਂ ਨਾਲ ਪਠਾਨਕੋਟ ਵਿਖੇ ਗੱਲਬਾਤ ਕਰਦੇ ਹੋਏ ਕਿਹਾ ਕਿ ਪਠਾਨਕੋਟ ਹਲਕੇ ਦੀ ਜਨਤਾ ਸੂਝਬੂਝ ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੀ ਵੋਟ ਦਾ ਇਸਤੇਮਾਲ ਕਰਦੇ ਹੋਏ ਪਠਾਨਕੋਟ ਦਾ ਵਿਧਾਇਕ ਚੁਣੇਗੀ | ਉਨ੍ਹਾਂ ਕਿਹਾ ਕਿ ਹਲਕੇ ਦੇ ਸੂਝਵਾਨ ਵੋਟਰ ਕਾਂਗਰਸ ਦੇ ਸਾਬਕਾ ਵਿਧਾਇਕ ਤੋਂ ਪ੍ਰੇਸ਼ਾਨ ਸਨ | ਜਿਸ ਕਰਕੇ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੇ ਵੋਟ ਦਾ ਇਸਤੇਮਾਲ ਕਰਦੇ ਹੋਏ ਜਵਾਬ ਦਿੱਤਾ | ਨਗਰ ਨਿਗਮ ਚੋਣਾਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਪਠਾਨਕੋਟ ਦੀ ਜਨਤਾ ਦੇ ਉਹ ਧੰਨਵਾਦੀ ਹਨ, ਜਿਨ੍ਹਾਂ ਨੇ ਭਾਜਪਾ ਉਮੀਦਵਾਰਾਂ ਨੂੰ ਸਭ ਤੋਂ ਵੱਧ ਸੀਟਾਂ ਜਿਤਾ ਕੇ ਭਾਜਪਾ ਦੀ ਝੋਲੀ ਪਾਈਆਂ | ਉਨ੍ਹਾਂ ਕਿਹਾ ਕਿ ਬਹੁਤ ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਦੇ ਸਾਬਕਾ ਵਿਧਾਇਕ ਵਲੋਂ ਮੀਡੀਆ ਰਾਹੀਂ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਤੋਂ ਕਾਂਗਰਸ ਦਾ ਨਗਰ ਨਿਗਮ ਵਿਚ ਮੇਅਰ ਬਣਾਉਣ ਲਈ ਸਹਿਯੋਗ ਮੰਗਿਆ ਜਾ ਰਿਹਾ ਹੈ ਜੋ ਸਾਬਤ ਕਰਦਾ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਅੰਦਰ ਖਾਤੇ ਇਕ ਹਨ | ਉਨ੍ਹਾਂ ਕਿਹਾ ਕਿ ਪਠਾਨਕੋਟ ਦੀ ਜਨਤਾ ਵਲੋਂ ਜੋ ਵੱਡੀ ਗਿਣਤੀ ਵਿਚ ਭਾਜਪਾ ਉਮੀਦਵਾਰਾਂ ਨੂੰ ਜਿਤਾਇਆ ਗਿਆ ਹੈ ਉਸ ਅਨੁਸਾਰ ਭਾਜਪਾ ਬਿਨਾਂ ਸ਼ਰਤ ਹੋਰ ਕੌਂਸਲਰਾਂ ਵਲੋਂ ਸਮਰਥਨ ਦੇਣ 'ਤੇ ਭਾਜਪਾ ਦਾ ਮੇਅਰ ਬਣਾਉਣ ਦੀ ਪੂਰੀ ਕੋਸ਼ਿਸ਼ ਕਰੇਗੀ | ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਵਲੋਂ ਨਗਰ ਨਿਗਮ ਚੋਣਾਂ ਵਿਚ ਹਲਕਾ ਪਠਾਨਕੋਟ ਅੰਦਰ ਕਾਂਗਰਸ ਦਾ ਵੋਟ ਸ਼ੇਅਰ ਵਧਣ ਬਾਰੇ ਭਰਮ ਫੈਲਾਇਆ ਜਾ ਰਿਹਾ ਹੈ | ਜਦੋਂ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਜਦੋਂ ਕਾਂਗਰਸ ਪਾਰਟੀ ਦੀ ਹਾਰ ਹੋਈ ਸੀ, ਉਸ ਸਮੇਂ ਵੀ ਨਗਰ ਨਿਗਮ ਚੋਣਾਂ ਵਿਚ ਕਾਂਗਰਸ ਪਾਰਟੀ ਦਾ ਵੋਟ ਸ਼ੇਅਰ ਜ਼ਿਆਦਾ ਸੀ | ਇਸ ਤਰ੍ਹਾਂ ਦੇ ਭਰਮ ਲੋਕਾਂ ਵਿਚ ਫੈਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ |