ਘਰੋਟਾ, 9 ਜੂਨ (ਸੰਜੀਵ ਗੁਪਤਾ)-ਜੰਡੀ ਤੋਂ ਮੀਰਪੁਰ ਚੌਕ ਤੱਕ ਜਾਣ ਵਾਲੀ ਸੰਪਰਕ ਸੜਕ ਦੀ ਜਰਜਰ ਹਾਲਤ ਕਾਰਨ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੀਰਪੁਰ ਦੇ ਸਾਬਕਾ ਸਰਪੰਚ ਠਾਕੁਰ ਸ਼ਕਤੀ ਸਿੰਘ ਅਤੇ ਸਰਪੰਚ ਜਿੰਮੀ ਠਾਕੁਰ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਇਸ ਸੜਕ ਨੂੰ ਜਲਦ ਅਪਗ੍ਰੇਡ ਕਰਨ ਦੀ ਮੰਗ ਕੀਤੀ ਹੈ, ਜਿਸ ਨਾਲ ਚੱਕੀ ਪੁਲ, ਚੰਡੀਗੜ੍ਹ, ਜਲੰਧਰ, ਕਾਠਗੜ੍ਹ, ਇੰਦੌਰਾ ਨੂੰ ਜਾਣ ਵਾਲਿਆਂ ਨੂੰ ਰਾਹਤ ਮਿਲ ਸਕੇ | ਉਨ੍ਹਾਂ ਦੱਸਿਆ ਕਿ ਜੰਡੀ ਫਿਰਨੀ ਤੋਂ ਮੀਰਪੁਰ ਚੌਕ ਤੱਕ ਸੜਕ ਕਈ ਥਾਵਾਂ ਤੋਂ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ | ਸੜਕ 'ਤੇ ਪਏ ਡੂੰਘੇ ਖੱਡਿਆਂ ਕਾਰਨ ਵਾਹਨ ਚਾਲਕਾਂ ਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਨਵੇਂ ਮੀਰਥਲ ਪੁਲ ਦੇ ਨਿਰਮਾਣ ਤੋਂ ਬਾਅਦ ਇਸ ਮਾਰਗ 'ਤੇ ਟ੍ਰੈਫਿਕ 'ਚ ਕਾਫ਼ੀ ਵਾਧਾ ਹੋਇਆ ਹੈ | ਪਰ ਸੜਕ ਦੀ ਹਾਲਤ ਹੋਰ ਮਾੜੀ ਹੋ ਗਈ ਹੈ | ਸ਼ਕਤੀ ਸਿੰਘ ਤੇ ਜਿੰਮੀ ਠਾਕੁਰ ਨੇ ਕਿਹਾ ਕਿ ਸੜਕ 'ਤੇ ਢੁਕਵੀਆਂ ਕਰਾਸਿੰਗਾਂ ਨਾ ਹੋਣ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ | ਬਰਸਾਤ ਦੇ ਦਿਨਾਂ ਵਿਚ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ, ਜਿਸ ਕਾਰਨ ਸਕੂਲੀ ਬੱਚਿਆਂ, ਕਿਸਾਨਾਂ ਤੇ ਆਮ ਲੋਕਾਂ ਨੂੰ ਆਵਾਜਾਈ ਵਿਚ ਭਾਰੀ ਦਿੱਕਤਾਂ ਆਉਂਦੀਆਂ ਹਨ | ਉਨ੍ਹਾਂ ਦੱਸਿਆ ਕਿ ਗੰਦਾ ਪਾਣੀ ਸੜਕ 'ਤੇ ਵਗਣ ਕਾਰਨ ਰਾਹਗੀਰਾਂ ਦੇ ਕੱਪੜੇ ਖ਼ਰਾਬ ਹੋਣਾ ਵੀ ਆਮ ਗੱਲ ਬਣ ਚੁੱਕੀ ਹੈ | ਸਾਬਕਾ ਸਰਪੰਚ ਸ਼ਕਤੀ ਸਿੰਘ ਅਤੇ ਸਰਪੰਚ ਜਿੰਮੀ ਠਾਕੁਰ ਨੇ ਮੰਗ ਕੀਤੀ ਕਿ ਜੰਡੀਮੀਰਪੁਰ ਸੰਪਰਕ ਸੜਕ ਨੰੂ ਜਲਦ ਚੌੜੀ ਤੇ ਅਪਗ੍ਰੇਡ ਕੀਤਾ ਜਾਵੇ ਤੇ ਲੋੜੀਂਦੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਜਾਣ ਤਾਂ ਜੋ ਲੋਕਾਂ ਨੂੰ ਸੁਰੱਖਿਅਤ ਤੇ ਸੁਚੱਜੀ ਆਵਾਜਾਈ ਦੀ ਸਹੂਲਤ ਮਿਲ ਸਕੇ |