ਘਰੋਟਾ, 9 ਜੂਨ (ਸੰਜੀਵ ਗੁਪਤਾ)-ਜ਼ਿਲ੍ਹੇ ਦੇ ਉੱਭਰਦੇ ਨੌਜਵਾਨ ਸਾਹਿਤਕਾਰ ਜੁਗਲ ਕਿਸ਼ੋਰ ਪੰਗੋਤਰਾ ਦੀ ਤੀਸਰੀ ਕਿਤਾਬ ਨਾਵਲ 'ਪਰਛਾਵਾਂ' ਅੱਜ ਡਾਈਟ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ | ਇਹ ਨਾਵਲ ਮੂਲ ਰੂਪ ਵਿਚ ਲਹਿੰਦੇ ਪੰਜਾਬ ਦੇ ਨਾਮਵਰ ਲੇਖਕ ਅਕਮਲ ਸ਼ਹਿਜ਼ਾਦ ਘੁੰਮਣ ਦੁਆਰਾ ਸ਼ਾਹਮੁਖੀ ਲਿਪੀ ਵਿਚ ਲਿਖਿਆ ਗਿਆ ਸੀ, ਜੋ ਉੱਥੇ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਸਾਹਿੱਤਿਕ ਖੇਤਰ ਵਿਚ ਆਪਣੀ ਵਿਲੱਖਣ ਪਹਿਚਣ ਬਣਾ ਰਹੇ ਜੁਗਲ ਕਿਸ਼ੋਰ ਨੇ ਇਸ ਨਾਵਲ ਨੂੰ ਸ਼ਾਹਮੁਖੀ ਤੋਂ ਗੁਰਮੁਖੀ ਲਿਪੀ ਵਿਚ ਲਿਪੀਅੰਤਰ ਕਰ ਕੇ ਚੜ੍ਹਦੇ ਪੰਜਾਬ ਦੇ ਪਾਠਕਾਂ ਦੇ ਹੱਥਾਂ ਵਿਚ ਦਿੱਤਾ ਹੈ | ਇਹ ਕਿਤਾਬ ਪੰਚਨਦ ਪ੍ਰਕਾਸ਼ਨ ਦੀਨਾਨਗਰ ਵਲੋਂ ਪ੍ਰਕਾਸ਼ਿਤ ਕੀਤੀ ਗਈ ਹੈ | ਦੱਸ ਦਈਏ ਕਿ ਇਹ ਜੁਗਲ ਕਿਸ਼ੋਰ ਦੀ ਇਹ ਤੀਜੀ ਪੁਸਤਕ ਹੈ, ਜਿਸ ਰਾਹੀਂ ਉਨ੍ਹਾਂ ਨੇ ਦੋਵਾਂ ਪੰਜਾਬਾਂ ਦੇ ਸਾਹਿੱਤਿਕ ਸਾਂਝ ਨੂੰ ਮਜ਼ਬੂਤ ਕਰਨ ਦਾ ਉਪਰਾਲਾ ਕੀਤਾ ਹੈ | ਇਸ ਤੋਂ ਪਹਿਲਾਂ ਉਹ ਕਹਾਣੀ ਸੰਗ੍ਰਹਿ 'ਇਕ ਸੀ ਭੂਆ' ਤੇ ਬੈਤ ਸੰਗ੍ਰਹਿ 'ਨੀਲਕਾਂ' ਸੰਪਾਦਿਤ ਕਰ ਚੁੱਕਾ ਹੈ | ਇਸ ਕਿਤਾਬ ਦਾ ਲੋਕ ਅਰਪਣ ਜੁਗਲ ਕਿਸ਼ੋਰ ਨੇ ਵਿਸ਼ੇਸ਼ ਤੌਰ 'ਤੇ ਆਪਣੇ ਅਧਿਆਪਕਾਂ ਕੋਲੋਂ ਕਰਵਾਇਆ | ਇਸ ਮੌਕੇ ਡਾਈਟ ਇੰਚਾਰਜ ਨਰੇਸ਼ ਮਹਿਤਾ, ਲੈਕਚਰਾਰ ਸ਼ਸ਼ੀ ਭੂਸ਼ਣ, ਸਰਿਤਾ ਗੁਪਤਾ, ਵੰਦਨਾ ਗੁਪਤਾ, ਸਰਿਤਾ ਰਾਣੀ, ਤਰੁਨਜੋਤ ਕੌਰ ਅਤੇ ਪੰਕਜ ਸ਼ਰਮਾ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਸਮੂਹ ਅਧਿਆਪਕਾਂ ਨੇ ਜੁਗਲ ਕਿਸ਼ੋਰ ਦੇ ਇਸ ਸਾਹਿੱਤਿਕ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਡਾਈਟ ਦੇ ਸਿੱਖਿਆਰਥੀ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ, ਜਿਨ੍ਹਾਂ ਨੇ ਜੁਗਲ ਕਿਸ਼ੋਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ |