ਪਠਾਨਕੋਟ, 9 ਜੂਨ (ਵਿਨੋਦ)-ਪੰਜਾਬ ਸਟੇਟ ਟਰੇਡਰ ਕਮਿਸ਼ਨ ਵਲੋਂ ਪੰਜਾਬ ਸਰਕਾਰ ਦੇ ਪੋਰਟਲ 'ਤੇ ਦਰਜ ਵਪਾਰੀਆਂ ਦੇ ਮੁੱਦਿਆਂ ਦੀ ਸਮੀਖਿਆ ਲਈ ਹਫ਼ਤਾਵਾਰ ਰੁਟੀਨ ਅਨੁਸਾਰ ਮੀਟਿੰਗ ਡੀ.ਸੀ. ਦਫ਼ਤਰ ਪਠਾਨਕੋਟ ਵਿਖੇ ਕਰਵਾਈ ਗਈ | ਮੀਟਿੰਗ ਦੀ ਅਗਵਾਈ ਡਿਪਟੀ ਕਮਿਸ਼ਨਰ ਪਠਾਨਕੋਟ ਡਾ: ਪੱਲਵੀ ਵਲੋਂ ਕੀਤੀ | ਇਸ ਮੌਕੇ ਐਸ.ਡੀ.ਐਮ. ਸ਼ੰਕਰ ਸ਼ਰਮਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਮੀਟਿੰਗ ਵਿਚ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ ਤੇ ਵਪਾਰੀਆਂ ਨਾਲ ਸੰਬੰਧਿਤ ਮਸਲਿਆਂ 'ਤੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਪੰਜਾਬ ਸਟੇਟ ਟਰੇਡਰ ਕਮਿਸ਼ਨ ਦੇ ਜ਼ਿਲ੍ਹਾ ਚੇਅਰਮੈਨ ਡਾ: ਅਨਿਲ ਭਾਰਦਵਾਜ ਅਤੇ ਸਟੇਟ ਮੈਂਬਰ ਧਰਮਿੰਦਰ ਸਿੰਘ ਸ਼ੇਰੂ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਇਸ ਤੋਂ ਇਲਾਵਾ ਹਲਕਾ ਚੇਅਰਪਰਸਨ ਮੁਕੇਸ਼ ਲਵਲੀ, ਕਰਨਜੀਤ ਸਿੰਘ, ਤਿਲਕ ਧੀਮਾਨ ਅਤੇ ਜ਼ਿਲ੍ਹਾ ਟਰੇਡ ਵਿੰਗ ਦੇ ਪ੍ਰਧਾਨ ਵਿਕਾਸ ਸੈਣੀ ਨੇ ਵੀ ਮੀਟਿੰਗ ਵਿਚ ਸ਼ਿਰਕਤ ਕੀਤੀ | ਕਮਿਸ਼ਨ ਦੇ ਮੈਂਬਰ ਯੋਗਰਾਜ, ਕਮਲ ਕਿਸ਼ੋਰ, ਰਾਜਵੀਰ ਜਸਵਾਲ ਅਤੇ ਅਨਿਲ ਕੁਮਾਰ ਰਿੰਕੂ ਵੀ ਮੌਜੂਦ ਰਹੇ | ਮੀਟਿੰਗ ਦੌਰਾਨ ਬਾਜ਼ਾਰਾਂ ਵਿਚ ਵਪਾਰੀਆਂ ਨਾਲ ਕੀਤੀਆਂ ਮੀਟਿੰਗਾਂ ਦੌਰਾਨ ਉਠਾਏ ਗਏ ਵੱਖ-ਵੱਖ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ | ਇਸ ਦੌਰਾਨ ਇਹ ਸਮੀਖਿਆ ਵੀ ਕੀਤੀ ਗਈ ਕਿ ਕਿਹੜੇ ਮੁੱਦਿਆਂ ਦਾ ਹੱਲ ਹੋ ਚੁੱਕਾ ਹੈ ਅਤੇ ਕਿਹੜੇ ਮਸਲੇ ਅਜੇ ਵੀ ਲੰਬਿਤ ਹਨ | ਡਿਪਟੀ ਕਮਿਸ਼ਨਰ ਡਾ: ਪੱਲਵੀ ਦੀ ਰਹਿਨੁਮਾਈ ਹੇਠ ਕਈ ਮੁੱਦਿਆਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ | ਡਿਪਟੀ ਕਮਿਸ਼ਨਰ ਨੇ ਬਾਕੀ ਰਹਿੰਦੇ ਮਸਲਿਆਂ ਨੂੰ ਜਲਦ ਤੋਂ ਜਲਦ ਹੱਲ ਕਰਨ ਲਈ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ | ਮੀਟਿੰਗ ਦਾ ਮਾਹੌਲ ਸਕਾਰਾਤਮਿਕ ਤੇ ਸਹਿਯੋਗਾਤਮਿਕ ਰਿਹਾ, ਜਿਸ ਨਾਲ ਵਪਾਰੀਆਂ ਦੇ ਮੁੱਦਿਆਂ ਦੇ ਹੱਲ ਵੱਲ ਇਕ ਮਹੱਤਵਪੂਰਨ ਕਦਮ ਵਧਾਇਆ ਗਿਆ |