ਕੋਟਲੀ ਸੂਰਤ ਮੱਲ੍ਹੀ, 10 ਜੂਨ (ਕੁਲਦੀਪ ਸਿੰਘ ਨਾਗਰਾ)-ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਨੇ ਅੱਜ ਭਾਜਪਾ ਦੇ ਜ਼ਿਲ੍ਹਾ ਟਰੇਡ ਸੈਲ ਦੇ ਕਨਵੀਨਰ ਤੇ ਉਘੇ ਕਾਰੋਬਾਰੀ ਵਿਜੇ ਕੁਮਾਰ ਸੋਨੀ ਜਿਨ੍ਹਾਂ 'ਤੇ ਬੀਤੇ ਦਿਨ ਅਣਪਛਾਤੇ ਮੋਟਰ ਸਾਈਕਲ ਸਵਾਰ ਦੋ ਵਿਅਕਤੀਆ ਵਲੋਂ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ ਸਨ, ਨਾਲ ਮੁਲਾਕਾਤ ਕਰ ਕੇ ਪ੍ਰਸ਼ਾਸਨ ਕੋਲੋ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ | ਬੱਬੂ ਨੇ ਵਿਜੇ ਕੁਮਾਰ ਸੋਨੀ ਨੂੰ ਵਿਸ਼ਵਾਸ ਦਿਵਾਇਆ ਕਿ ਪਾਰਟੀ ਉਨ੍ਹਾਂ ਨਾਲ ਡੱਟ ਕੇ ਖੜੀ ਹੈ ਤੇ ਉਹ ਤਕੜੇ ਹੋ ਕੇ ਪਾਰਟੀ ਦੀ ਸੇਵਾ ਕਰਨ | ਇਸ ਮੌਕੇ ਦਿਨੇਸ਼ ਸਿੰਘ ਬੱਬੂ ਨੇ ਕਿਹਾ ਕਿ ਪੰਜਾਬ ਅੰਦਰ ਨਿੱਤ ਲੁੱਟ-ਖੋਹ, ਫਿਰੌਤੀਆਂ ਤੇ ਗੋਲੀ ਚੱਲਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ | ਪੰਜਾਬ 'ਚ ਕਾਨੂੰਨ ਵਿਵਸਥਾ ਦਾ ਬਹੁਤ ਮੰਦਾ ਹਾਲ ਹੋਇਆ ਪਿਆ, ਜਿਸ ਨੂੰ ਰੋਕਣ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨਕਾਮ ਸਿੱਧ ਹੋਈ ਹੈ | ਵਪਾਰੀ ਵਰਗ ਘਰਾਂ ਤੋਂ ਬਾਹਰ ਆਪਣੇ ਕਾਰੋਬਾਰਾਂ 'ਤੇ ਜਾਣ ਸਮੇਂ ਡਰ ਰਿਹਾ ਹੈ ਤੇ ਪੰਜਾਬ 'ਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਬੜੀ ਬੇਸਬਰੀ ਨਾਲ ਵਿਧਾਨ ਸਭਾ ਚੋਣਾਂ ਦੀ ਉਡੀਕ ਕਰ ਰਹੀ ਹੈ ਤਾਂ ਜੋ ਭਾਜਪਾ ਨੂੰ ਸ਼ਾਨਦਾਰ ਜਿੱਤ ਦਿਵਾਈ ਜਾ ਸਕੇ | ਇਸ ਮੌਕੇ ਐਡਵੋਕੇਟ ਰਾਜੂ ਪੰਡਿਤ ਸਮੇਤ ਭਾਜਪਾ ਦੇ ਆਗੂ ਹਾਜ਼ਰ ਸਨ |