29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਲਾਪਤਾ ਪੁਲਿਸ ਮੁਲਾਜ਼ਮ ਦੀ 5 ਦਿਨਾਂ ਬਾਅਦ ਨਹਿਰ ’ਚੋਂ ਮਿਲੀ ਲਾਸ਼

ਅਜੀਤ ਡੈਸਕ 17-06-2026
ਪਠਾਨਕੋਟ, 16 ਜੂਨ (ਵਿਨੋਦ/ਸੁਮਿਤ)-ਪਿਛਲੇ ਚਾਰ ਦਿਨਾਂ ਤੋਂ ਲਾਪਤਾ ਪੰਜਾਬ ਪੁਲਿਸ ਦੇ ਮੁਲਾਜ਼ਮ ਯੁਵਰਾਜ ਦੀ ਲਾਸ਼ ਨਹਿਰ ’ਚੋਂ ਬਰਾਮਦ ਹੋਈ ਹੈ। ਜਿਸ ’ਤੇ ਯੁਵਰਾਜ ਦੇ ਪਰਿਵਾਰਕ ਮੈਂਬਰਾਂ ਵਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਅੱਜ ਵਾਲਮੀਕਿ ਚੌਕ ਵਿਖੇ ਧਰਨਾ ਦਿੱਤਾ ਗਿਆ। ਪੁਲਿਸ ਵਲੋਂ ਤਿੰਨ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕ ਯੁਵਰਾਜ ਦੀ ਮਾਤਾ ਪੂਜਾ ਪਤਨੀ ਵਿਜੇ ਕੁਮਾਰ ਵਾਸੀ ਮੁਹੱਲਾ ਆਨੰਦਪੁਰ ਪਠਾਨਕੋਟ ਨੇ ਪੁਲਿਸ ਨੂੰ ਆਪਣੇ ਬਿਆਨਾਂ ’ਚ ਦੱਸਿਆ ਕਿ ਉਸ ਦੇ ਬੇਟੇ ਯੁਵਰਾਜ ਨੂੰ ਆਪਣੇ ਪਿਤਾ ਦੀ ਜਗ੍ਹਾ ਪੰਜਾਬ ਪੁਲਿਸ ਵਿਚ ਨੌਕਰੀ ਮਿਲੀ ਸੀ ਤੇ ਯੁਵਰਾਜ ਕਪੂਰਥਲਾ ਸੈਂਟਰ ’ਚ ਟਰੇਨਿੰਗ ਕਰ ਰਿਹਾ ਸੀ। ਜਦੋਂ ਕਿ ਅੰਮ੍ਰਿਤਸਰ ਵਿਖੇ ਉਸ ਨੂੰ ਸਪੈਸ਼ਲ ਡਿਊਟੀ ’ਤੇ ਭੇਜਿਆ ਗਿਆ ਸੀ, ਜਿਸ ਦੌਰਾਨ ਉਸ ਨੂੰ ਟਾਈਫ਼ਾਈਡ ਬੁਖ਼ਾਰ ਹੋ ਗਿਆ ਤੇ ਉਹ ਘਰ ਵਾਪਸ ਆ ਗਿਆ। ਉਨ੍ਹਾਂ ਦੱਸਿਆ ਕਿ ਬੀਤੀ 11 ਜੂਨ ਨੂੰ ਉਸ ਨੂੰ ਅਮਨ ਪਤਨੀ ਦਿਲਬਾਗ ਸਿੰਘ ਦਾ ਫੋਨ ਆਇਆ ਅਤੇ ਯੁਵਰਾਜ ਨੇ ਦੱਸਿਆ ਕਿ ਉਸ ਨੂੰ ਅਮਨ ਮਾਂ ਦਾ ਫੋਨ ਆਇਆ ਹੈ ਅਤੇ ਉਹ ਪਰਿਵਾਰ ਸਮੇਤ ਪੇਕੇ ਗੁਰਦਾਸਪੁਰ ਗਈ ਹੈ ਅਤੇ ਲਵਲੀ ਮਾਮਾ ਵੀ ਉੱਥੇ ਹੈ, ਜਿਸ ’ਤੇ ਯੁਵਰਾਜ ਆਪਣੀ ਥਾਰ ਗੱਡੀ ਲੈ ਕੇ ਗੁਰਦਾਸਪੁਰ ਚਲਾ ਗਿਆ। ਜਿਸ ਤੋਂ ਬਾਅਦ ਯੁਵਰਾਜ ਨੇ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਕਿ ਮੈਨੂੰ ਅਮਨ ਮਾਂ, ਲਵਲੀ ਮਾਮਾ ਤੇ ਜੈਸੀਕਾ ਵਲੋਂ ਬੜੀਆਂ ਮਾੜੀਆਂ ਚੰਗੀਆਂ ਗੱਲਾਂ ਕੀਤੀਆਂ ਹਨ, ਜੋ ਘਰ ਆ ਕੇ ਤਹਾਨੂੰ ਦੱਸਾਂਗਾ। ਪਰ ਬਾਅਦ ਵਿਚ ਉਸ ਦਾ ਫੋਨ ਬੰਦ ਹੋ ਗਿਆ। ਉਨ੍ਹਾਂ ਦੱਸਿਆ ਕਿ ਉਹ ਆਪਣੇ ਪੁੱਤਰ ਨੂੰ ਪਿਛਲੇ ਚਾਰ ਦਿਨ ਤੋਂ ਲੱਭ ਰਹੇ ਸੀ ਅਤੇ ਨਹਿਰ ਵਿਚੋਂ ਉਸ ਦੀ ਲਾਸ਼ ਮਿਲੀ ਹੈ। ਪੁਲਿਸ ਵਲੋਂ ਮ੍ਰਿਤਕ ਯੁਵਰਾਜ ਦੀ ਮਾਤਾ ਪੂਜਾ ਦੇ ਬਿਆਨਾਂ ਦੇ ਅਧਾਰ ’ਤੇ ਅਮਨ ਪਤਨੀ ਦਿਲਬਾਗ ਸਿੰਘ ਵਾਸੀ ਸਰਨਾ, ਜੈਸੀਕਾ ਪੁੱਤਰੀ ਦਿਲਬਾਗ ਸਿੰਘ ਵਾਸੀ ਸਰਨਾ ਅਤੇ ਲਵਲੀ ਵਾਸੀ ਗੁਰਦਾਸਪੁਰ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਯੁਵਰਾਜ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਪਰ ਪੁਲਿਸ ਵਲੋਂ ਭਰੋਸਾ ਦੇਣ ਤੋਂ ਬਾਅਦ ਪਰਿਵਾਰ ਵਲੋਂ ਧਰਨਾ ਚੁੱਕਿਆ ਗਿਆ।
ਪਿਛਲੀ ਖ਼ਬਰ ਸ੍ਰੀ ਅਮਰਨਾਥ ਯਾਤਰਾ ਦੇ ਮੱਦੇਨਜ਼ਰ ਪਠਾਨਕੋਟ ਜ਼ਿਲ੍ਹੇ ਵਿਚ ਰੈੱਡ ਅਲਰਟ, ਜ਼ਿਲ੍ਹਾ ਭਰ ਵਿਚ ਸਖ਼ਤ ਚੈਕਿੰਗ ਜਾਰੀ ਅਗਲੀ ਖ਼ਬਰ ਪਠਾਨਕੋਟ ਪੁਲਿਸ ਵਲੋਂ ਨਸ਼ੀਲੇ ਕੈਪਸੂਲਾਂ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।