ਕਾਹਨੂੰਵਾਨ, 17 ਜੂਨ (ਨਿਸ਼ਾਨ ਸਿੰਘ ਚਾਹਲ)-ਬੀਤੀ 23 ਮਈ ਨੂੰ ਕਾਹਨੂੰਵਾਨ ਵਿਚ ਕਿਸਾਨ ਕੁਲਵਿੰਦਰ ਸਿੰਘ ਦਾ ਕਤਲ ਕਰਨ ਵਾਲੇ ਮੁੱਖ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਕਿਸਾਨ ਕੁਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ, ਮਾਝਾ ਕਿਸਾਨ ਸੰਘਰਸ਼ ਕਮੇਟੀ ਅਤੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਵਲੋਂ ਅੱਜ ਬੱਬਰੀ ਬਾਈਪਾਸ ਚੌਕ ਵਿਖੇ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਪਰ ਇਸ ਧਰਨੇ ਵਿਚ ਸ਼ਾਮਿਲ ਹੋਣ ਜਾ ਰਹੇ ਲੋਕਾਂ ਨੂੰ ਪੁਲਿਸ ਵਲੋਂ ਰਸਤੇ ਵਿਚ ਅੱਡਾ ਪੁਲ ਸਠਿਆਲੀ ਵਿਖੇ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਪੁਲਿਸ ਇਨ੍ਹਾਂ ਸੰਘਰਸ਼ਕਾਰੀ ਲੋਕਾਂ ਨੂੰ ਸਠਿਆਲੀ ਪੁਲ ਉੱਪਰ ਰੋਕਣ ’ਚ ਅਸਫ਼ਲ ਰਹੀ। ਅੱਜ ਸਵੇਰ ਤੋਂ ਹੀ ਡੀ.ਐੱਸ.ਪੀ. ਕੁਲਵੰਤ ਸਿੰਘ ਮਾਨ ਦੀ ਅਗਵਾਈ ਹੇਠ ਥਾਣਾ ਕਾਹਨੂੰਵਾਨ ਅਤੇ ਭੈਣੀ ਮੀਆਂ ਖਾਂ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਅੱਡਾ ਪੁਲ ਸਠਿਆਲੀ ਵਿਖੇ ਤਾਇਨਾਤ ਸਨ। ਜਿਉਂ ਹੀ ਟਰਾਲੀਆਂ, ਕਾਰਾਂ ਅਤੇ ਹੋਰ ਵਹੀਕਲਾਂ ’ਤੇ ਸਵਾਰ ਇਹ ਧਰਨਾਕਾਰੀ ਪੁਲ ਸਠਿਆਲੀ ਪੁੱਜੇ ਤਾਂ ਪੁਲਿਸ ਵਲੋਂ ਬੈਰੀਕੇਡ ਲਗਾ ਕੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ ਕੀਤੀ ਗਈ, ਪਰ ਪੁਲਿਸ ਇਨ੍ਹਾਂ ਨੂੰ ਰੋਕਣ ’ਚ ਅਸਫ਼ਲ ਰਹੀ ਅਤੇ ਇਹ ਧਰਨੇ ਵਾਲੀ ਨਿਰਧਾਰਤ ਸਥਾਨ ਵੱਲ ਰਵਾਨਾ ਹੋ ਗਏ। ਇਸ ਮੌਕੇ ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਰਾਜੂ ਔਲਖ ਅਤੇ ਕਿਸਾਨ ਕੁਲਵਿੰਦਰ ਸਿੰਘ ਦੇ ਭਰਾ ਪ੍ਰਿੰਸੀਪਲ ਜਸਵੰਤ ਸਿੰਘ ਨੇ ਕਿਹਾ ਕਿ ਐੱਸ.ਪੀ. ਜੁਗਰਾਜ ਸਿੰਘ ਅਤੇ ਡੀ.ਐੱਸ.ਪੀ. ਕੁਲਵੰਤ ਸਿੰਘ ਮਾਨ ਵਲੋਂ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਕੁਲਵਿੰਦਰ ਸਿੰਘ ਦਾ ਸੰਸਕਾਰ ਕੀਤਾ ਗਿਆ ਸੀ, ਪਰ 25 ਦਿਨ ਦੇ ਬਾਵਜੂਦ ਵੀ ਮੁੱਖ ਦੋਸ਼ੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੱਕ ਬੱਬਰੀ ਬਾਈਪਾਸ ’ਤੇ ਧਰਨਾ ਜਾਰੀ ਰਹੇਗਾ।