15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਪੰਜਾਬ ’ਚ ਸਾਰੇ ਧਰਮਾਂ ਲਈ ਹੁਣ ਤੱਕ ਦਾ ਸਭ ਤੋਂ ਬਿਹਤਰੀਨ ਕੰਮ ਭਗਵੰਤ ਮਾਨ ਸਰਕਾਰ ਨੇ ਕੀਤਾ : ਕੇਜਰੀਵਾਲ

ਅਜੀਤ ਡੈਸਕ 30-06-2026
ਬਟਾਲਾ, 29 ਜੂਨ (ਸਤਿੰਦਰ ਸਿੰਘ)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸੋਮਵਾਰ ਨੂੰ ਬਟਾਲਾ ਵਿੱਚ ਕਰਵਾਏ ‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਭਜਨ ਸੰਧਿਆ ’ਚ ਸ਼ਾਮਲ ਹੋਏ। ਭਜਨ ਸੰਧਿਆ ਨੂੰ ਸੁਣਨ ਲਈ ਉਮੜੀ ਸ਼ਰਧਾਲੂਆਂ ਦੀ ਭੀੜ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ’ਚ ਸਾਰੇ ਧਰਮਾਂ ਲਈ ਹੁਣ ਤੱਕ ਦਾ ਸਭ ਤੋਂ ਬਿਹਤਰੀਨ ਕੰਮ ਕੀਤਾ ਹੈ। ਪਿਛਲੇ ਦਿਨੀਂ ਪੂਰੇ ਪੰਜਾਬ ਵਿੱਚ ਪੂਰੇ ਸਤਿਕਾਰ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਹਰ ਜ਼ਿਲ੍ਹੇ ’ਚ ਲਾਈਟ ਐਂਡ ਸਾਊਂਡ ਤੇ ਡਰੋਨ ਸ਼ੋਅ ਕੀਤੇ ਗਏ। ਹੁਣ ਸਰਕਾਰ ਵਲੋਂ ਪੂਰੇ ਪੰਜਾਬ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਦਿਹਾੜਾ ਬੜੇ ਸ਼ਾਨਦਾਰ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ। ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅਜੇ ਦੋ ਰੂਟਾਂ ‘ਤੇ ਬੱਸਾਂ ਜਾ ਰਹੀਆਂ ਹਨ। ਇੱਕ ਸ੍ਰੀ ਅਨੰਦਪੁਰ ਸਾਹਿਬ ਅਤੇ ਦੂਜਾ ਸ੍ਰੀ ਦਰਬਾਰ ਸਾਹਿਬ। ਇਸ ਯਾਤਰਾ ਵਿੱਚ ਏਸੀ ਲਗਜ਼ਰੀ ਬੱਸਾਂ, ਆਉਣਾ-ਜਾਣਾ, ਖਾਣਾ-ਪੀਣਾ ਅਤੇ ਰਹਿਣਾ ਸਭ ਕੁਝ ਬਿਲਕੁਲ ਮੁਫ਼ਤ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਲੰਧਰ, ਅੰਮ੍ਰਿਤਸਰ ਤੇ ਗੁਰਦਾਸਪੁਰ ਤੋਂ ਬਾਅਦ ਹੁਣ ਪੂਰੇ ਪੰਜਾਬ ਦੇ 22 ਸ਼ਹਿਰਾਂ ਵਿਚ ਇਸ ਤਰ੍ਹਾਂ ਦੀ ਭਜਨ ਸੰਧਿਆ ਕਰਵਾਈ ਜਾਵੇਗੀ। ਲੋਕ ਬਹੁਤ ਖੁਸ਼ ਹਨ ਅਤੇ ਸਭ ਕਹਿ ਰਹੇ ਹਨ ਕਿ ਸਨਾਤਨ ਲਈ ਪੰਜਾਬ ਵਿੱਚ ਅੱਜ ਤੱਕ ਇੰਨੇ ਵੱਡੇ ਪੱਧਰ ‘ਤੇ ਕਦੇ ਪ੍ਰੋਗਰਾਮ ਨਹੀਂ ਕੀਤੇ ਗਏ। ਪੰਜਾਬ ਦੇ ਮੁੱਖ ਮੰਤਰੀ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲ ਰਹੇ ਹਨ ਅਤੇ ਸਭ ਦੀ ਚਿੰਤਾ ਕਰਦੇ ਹਨ। ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਪਟਿਆਲਾ ਦੇ ਇਤਿਹਾਸਕ ਕਾਲੀ ਮਾਈ ਮੰਦਰ ਨੂੰ 80 ਕਰੋੜ ਰੁਪਏ ਖਰਚ ਕਰਕੇ ਬਹੁਤ ਹੀ ਸ਼ਾਨਦਾਰ ਬਣਾਇਆ ਜਾ ਰਿਹਾ ਹੈ। ਇਸ ਮੌਕੇ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ, ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ, ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਨਸ਼ਾ ਮੁਕਤੀ ਮੋਰਚਾ ਦੇ ਜੋਨ ਇੰਚਾਰਜ ਰੋਹਿਤ ਸਿਆਲ, ਹਲਕਾ ਫਤਿਹਗੜ੍ਹ ਚੂੜੀਆਂ ਦੇ ਇਨਚਾਰਜ ਬਲਬੀਰ ਸਿੰਘ ਪੰਨੂ, ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਜੋਬਨ ਰੰਧਾਵਾ, ਚੇਅਰਮੈਨ ਰਜੀਵ ਸ਼ਰਮਾ, ਗੁਰ ਇਕਬਾਲ ਸਿੰਘ ਮਾਹਲ, ਚੇਅਰਮੈਨ ਜਸਪਾਲ ਚੌਹਾਨ, ਮੇਅਰ ਭੁਪਿੰਦਰ ਸਿੰਘ, ਚੇਅਰਮੈਨ ਮਾਣਿਕ ਮਹਿਤਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ
ਪਿਛਲੀ ਖ਼ਬਰ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਡੇਅਰੀਵਾਲ ਕਿਰਨ ’ਚ ਪੇਂਡੂ ਜਿੰਮ ਦਾ ਉਦਘਾਟਨ ਅਗਲੀ ਖ਼ਬਰ ਬੇਟ ਇਲਾਕੇ ਦੀਆਂ ਕਈ ਸੜਕਾਂ ’ਤੇ ਪਏ ਪੱਥਰਾਂ ਅਤੇ ਅਧੂਰੀਆਂ ਬਣੀਆਂ ਸੜਕਾਂ ਤੋਂ ਲੋਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।