ਸ੍ਰੀ ਹਰਿਗੋਬਿੰਦਪੁਰ,14 ਜੁਲਾਈ (ਕੰਵਲਜੀਤ ਸਿੰਘ ਚੀਮਾ)-21ਵੀਂ ਸਦੀ ਦੇ ਵਿਗਿਆਨਕ ਯੁੱਗ ਦੌਰਾਨ ਜਿੱਥੇ ਮਨੁੱਖ ਚੰਦ ’ਤੇ ਚੜ੍ਹ ਕੇ ਬਾਤਾਂ ਪਾ ਰਿਹਾ ਹੈ, ਉੱਥੇ ਤੇਜ਼ੀ ਨਾਲ ਆ ਰਹੇ ਨਵੇਂ ਜ਼ਮਾਨੇ ਵਿਚ ਬਦਲਾਅ ਦੇ ਕਾਰਨ ਪੰਜਾਬ ਦੇ ਲੋਕ ਆਪਣੇ ਪੁਰਾਣੇ ਵਿਰਸ਼ੇ ਨੂੰ ਵੀ ਭੁੱਲ ਚੁੱਕੇ ਹਨ। ਇਸ ਸਮੇਂ ਤੇਜ਼ੀ ਨਾਲ ਅੱਜ ਦੇ ਗੱਭਰੂ-ਮੁਟਿਆਰਾਂ ਦੇ ਸਭਾਅ ’ਚ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਲੋਕਾਂ ਵਿਚੋਂ ਮੋਹ ਪਿਆਰ ਦੀ ਗੁੜਤੀ ਵਿਸਰਦੀ ਜਾ ਰਹੀ ਹੈ, ਜਿਵੇਂ ਪੱਛਮੀ ਦੇਸ਼ਾਂ ਵਿਚ ਹੋ ਰਿ ਹੈ। ਪੰਜਾਬ ਦੇ ਮੁੰਡੇ-ਕੁੜੀਆਂ ਦੇ ਪਹਿਰਾਵੇ ’ਚ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ਬਹੁਤੇ ਨੰਗੇਜ਼ਪੁਣੇ ਨੂੰ ਅੱਜ ਦਾ ਫੈਸ਼ਨ ਸਮਝਿਆ ਜਾ ਰਿਹਾ ਹੈ। ਪੰਜਾਬ ਦੇ ਗੱਭਰੂ-ਮੁਟਿਆਰਾਂ ਦੇ ਸੁਭਾਅ ਬਦਲਣ ਕਾਰਨ ਸਮਾਜਿਕ ਰਿਸ਼ਤਿਆਂ ਵਿਚ ਤੇਜ਼ੀ ਨਾਲ ਗਿਰਵਾਟ ਆ ਰਹੀ ਹੈ। ਇਨ੍ਹਾਂ ਦਾ ਮੋਹ-ਪਿਆਰ ਆਪਣੇ ਰਿਸ਼ਤੇਦਾਰਾਂ ਨਾਲ ਘਟਦਾ ਜਾ ਰਿਹਾ ਹੈ, ਇਹ ਘਰ ਆਏ ਮਹਿਮਾਨ ਨਾਲ ਗੱਲਾਂ-ਬਾਤਾਂ ਕਰਨਾ ਦੂਰ ਦੀ ਗੱਲ ਹੈ। ਉਸ ਦੇ ਨੇੜੇ ਬੈਠਣਾ ਪਸੰਦ ਨਹੀਂ ਕਰਦੇ। ਆਪਣੀ ਮਸਤੀ ਵਿਚ ਮੋਬਾਇਲ ਫੋਨ ਜਾਂ ਟੀ.ਵੀ. ਵੇਖਣ ਲੱਗੇ ਰਹਿੰਦੇ ਹਨ। ਮੌਜੂਦਾ ਸਮੇਂ ਦੀ ਦੌੜ-ਭੱਜ ਅਤੇ ਕਾਹਲੀ ਦੇ ਕਾਰਨ ਲੋਕ ਬਹੁਤ ਕੁਝ ਭੁੱਲ ਚੁੱਕੇ ਹਨ, ਜਿਸ ਕਾਰਨ ਆਪਸੀ ਰਿਸ਼ਤਦਾਰੀਆਂ ਦਾ ਨਿੱਘ ਖ਼ਤਮ ਹੋ ਰਿਹਾ ਹੈ। ਜਿਵੇਂ ਹੀ ਸਮਾਂ ਬਦਲਿਆ, ਲੋਕਾਂ ਨੇ ਕੱਚੇ ਮਕਾਨ ਪੱਕੇ ਕਰ ਲਏ ਤੇ ਜੋ ਕਦੇ ਰਿਸ਼ਤੇ ਪੱਕੇ ਹੁੰਦੇ ਸਨ, ਅੱਜ ਕੱਚੇ ਹੋ ਗਏ ਹਨ। ਅੱਜ ਦੇ ਸਮੇਂ ਦੌਰਾਨ ਬਣਾਈਆਂ ਗਈਆਂ 2-3 ਮੰਜ਼ਲੀ ਉੱਚੀਆਂ ਕੋਠੀਆਂ ਵਿਚ ਰਹਿਣ ਵਾਲੇ ਰਿਸ਼ਤੇਦਾਰ ਵੀ ਪਹਿਲਾਂ ਵਰਗੇ ਨਹੀਂ ਰਹੇ, ਮਾਡਰਨ ਜ਼ਮਾਨੇ ’ਚ ਫੈਸ਼ਨ ਪੱਟੀਆਂ ਨੂੰਹਾਂ-ਧੀਆਂ ਵੀ ਹੁਣ ਘਰ ਆਏ ਮਹਿਮਾਨ ਨੂੰ ਪਾਣੀ ਦਾ ਗਿਲਾਸ ਫੜਾਉਣ ਲੱਗਿਆਂ ਵੀ ਆਪਣੀ ਹੱਤਕ ਸਮਝਦੀਆਂ ਹਨ। ਜਿਵੇਂ-ਜਿਵੇਂ ਹੀ ਜ਼ਮਾਨਾਂ ਤੇਜ਼ੀ ਨਾਲ ਬਦਲ ਰਿਹਾ ਹੈ, ਇਸ ਤੋਂ ਵੱਧ ਤੇਜ਼ੀ ਨਾਲ ਲੋਕਾਂ ਦੇ ਸੁਭਾਅ ਬਦਲ ਰਹੇ ਨੇ, ਨਾ ਹੁਣ ਉਹ ਪੁਰਾਣੇ ਮਕਾਨ ਰਹੇ, ਨਾ ਪੁਰਾਣੇ ਬਜ਼ੁਰਗ, ਨਾ ਹੀ ਹੁਣ ਉਹ ਰਿਸ਼ਤੇਦਾਰੀਆਂ ਰਹੀਆਂ ਨੇ, ਸ਼ਾਇਦ ਇਸੇ ਕਾਰਨ ਹੁਣ ਨਵੀਂ ਪੀੜ੍ਹੀ ਦੇ ਗੱਭਰੂ-ਮੁਟਿਆਰਾਂ ਦੇ ਸਮਾਜਿਕ ਰਿਸਤਿਆਂ ’ਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ।