14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਧੁੱਸੀ ਬੰਨਾਂ ਦਾ ਜਾਇਜ਼ਾ ਲੈਣ ਲਈ ਡੇਰਾ ਬਾਬਾ ਨਾਨਕ ਪੁੱਜੇ

ਅਜੀਤ ਡੈਸਕ 22-07-2026
ਡੇਰਾ ਬਾਬਾ ਨਾਨਕ, 21 ਜੁਲਾਈ (ਹੀਰਾ ਸਿੰਘ ਮਾਂਗਟ, ਵਿਜੇ ਕੁਮਾਰ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਅੱਜ ਰਾਵੀ ਦਰਿਆ ਨਾਲ ਲਗਦੇ ਹੜ੍ਹ ਪ੍ਰਭਾਵਿਤ ਬੰਨਾਂ ਦਾ ਜਾਇਜ਼ਾ ਲੈਣ ਵਾਸਤੇ ਡੇਰਾ ਬਾਬਾ ਨਾਨਕ ਵਿਖੇ ਪੁੱਜੇ, ਜਿਥੇ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਜਥੇਦਾਰ ਸੁੱਚਾ ਸਿੰਘ ਲੰਗਾਹ ਵਲੋਂ ਸਾਥੀਆਂ ਸਮੇਤ ਜੀ ਆਇਆ ਕਹਿੰਦਿਆਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਜਥੇਦਾਰ ਸੁੱਚਾ ਸਿੰਘ ਲੰਗਾਹ ਵਲੋਂ ਸੁਖਬੀਰ ਸਿੰਘ ਬਾਦਲ ਦੀ ਆਮਦ ਲੈ ਕੇ ਗੁਰਦੁਆਰਾ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਸਾਬਕਾ ਚੇਅਰਮੈਨ ਸੁਖਬੀਰ ਸਿੰਘ ਵਾਹਲਾ, ਯੂਥ ਆਗੂ ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਕੰਵਲਪ੍ਰੀਤ ਸਿੰਘ ਕਾਕੀ ਤੇ ਪਰਮਵੀਰ ਸਿੰਘ ਲਾਡੀ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਅਕਾਲੀ ਵਰਕਰ ਪੁੱਜੇ, ਪਰ ਸੁਖਬੀਰ ਸਿੰਘ ਬਾਦਲ ਭਾਰੀ ਬਰਸਾਤ ਕਾਰਨ ਇਸ ਸਮਾਗਮ ਵਿਚ ਨਹੀਂ ਪਹੁੰਚ ਸਕੇ।
ਸੁਖਬੀਰ ਸਿੰਘ ਬਾਦਲ ਧਰਮਕੋਟ ਪੱਤਨ ਵਿਖੇ ਪਹੁੰਚੇ, ਪਰ ਨਹੀਂ ਲਿਆ ਬੰਨ ਦਾ ਜਾਇਜ਼ਾ
ਅੱਜ ਡੇਰਾ ਬਾਬਾ ਨਾਨਕ ਫੇਰੀ ਦੌਰਾਨ ਸੁਖਬੀਰ ਸਿੰਘ ਬਾਦਲ ਧਰਮਕੋਟ ਪੱਤਣ ਰਾਵੀ ਦਰਿਆ ਦੇ ਬੰਨ੍ਹ ਦਾ ਜਾਇਜ਼ਾ ਲੈਣ ਵਾਸਤੇ ਪੁੱਜੇ, ਜਿੱਥੇ ਕਰੀਬ ਤਿੰਨ ਘੰਟੇ ਤੋਂ ਭਾਰੀ ਬਰਸਾਤ ਦੇ ਬਾਵਜੂਦ ਅਕਾਲੀ ਵਰਕਰ ਤੇ ਇਲਾਕੇ ਦੇ ਕਿਸਾਨ ਉਨ੍ਹਾਂ ਦੀ ਉਡੀਕ ਕਰ ਰਹੇ ਸਨ, ਪਰ ਬਰਸਾਤ ਕਾਰਨ ਨਾ ਤਾਂ ਸੁਖਬੀਰ ਸਿੰਘ ਬਾਦਲ ਆਪਣੀ ਗੱਡੀ ਤੋਂ ਉਤਰ ਕੇ ਕਿਸਾਨਾਂ ਨੂੰ ਨਹੀਂ ਮਿਲੇ ਤੇ ਨਾ ਹੀ ਖੁਦ ਉਤਰ ਕੇ ਧੁੱਸੀ ਬੰਨ ਦਾ ਜਾਇਜ਼ਾ ਲਿਆ ਗਿਆ, ਜਿਸ ਨੂੰ ਲੈ ਕੇ ਬਰਸਾਤ ਵਿਚ ਖੜੇ ਅਕਾਲੀ ਵਰਕਰਾਂ ਤੇ ਕਿਸ਼ਾਨਾਂ ਵਿਚ ਨਿਰਾਸ਼ਾ ਵੇਖਣ ਨੂੰ ਮਿਲੀ।
ਕਰਤਾਰਪੁਰ ਕੋਰੀਡੋਰ ਚੈੱਕ ਪੋਸਟ ਦੇ ਗੇਟ ’ਤੇ ਹੀ ਅਕਾਲੀ ਆਗੂਆਂ ਨੂੰ ਮਿਲ ਕੇ ਵਾਪਸ ਪਰਤੇ ਸੁਖਬੀਰ ਸਿੰਘ ਬਾਦਲ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਅੱਜ ਕਰਤਾਰਪੁਰ ਸਾਹਿਬ ਕੋਰੀਡੋਰ ਡੇਰਾ ਬਾਬਾ ਨਾਨਕ ਵਿਖੇ ਪੁੱਜੇ, ਜਿੱਥੇ ਭਾਰੀ ਬਰਸਾਤ ਦੇ ਬਾਵਜੂਦ ਲੰਬੇ ਸਮੇਂ ਤੋਂ ਅਕਾਲੀ ਵਰਕਰ ਤੇ ਕਿਸਾਨ ਉਨ੍ਹਾਂ ਦੀ ਉਡੀਕ ਕਰ ਰਹੇ ਸਨ, ਪਰ ਸ: ਬਾਦਲ ਦਾ ਕਾਫਲਾ ਧੁੱਸੀ ਬੰਨ੍ਹ ’ਤੇ ਜਾਣ ਦੀ ਬਜਾਏ ਕਰਤਾਰਪੁਰ ਸਾਹਿਬ ਕੋਰੀਡੋਰ ਚੈੱਕ ਪੋਸਟ ਵੱਲ ਚਲਾ ਗਿਆ, ਜਿੱਥੇ ਬੀ.ਐਸ.ਐਫ. ਵਲੋਂ ਅੰਦਰ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਤਾਂ ਸ: ਬਾਦਲ ਹੜ੍ਹ ਪ੍ਰਭਾਵਿਤ ਧੁੱਸੀ ਬੰਨ ਦਾ ਜਾਇਜ਼ਾ ਲੈਣ ਅਤੇ ਕਿਸਾਨਾਂ ਨੂੰ ਮਿਲਣ ਤੋਂ ਬਿਨਾਂ ਕਰਤਾਰਪੁਰ ਕੋਰੀਡੋਰ ਗੇਟ ਤੋਂ ਹੀ ਬੇਰੰਗ ਵਾਪਸ ਪਰਤ ਗਏ, ਜਿਸ ਨੂੰ ਲੈ ਕੇ ਸਥਾਨਕ ਲੋਕ ਨਿਰਾਸ਼ ਹੋਏ। ਭਾਵੇਂਕਿ ਅਕਾਲੀ ਆਗੂਆਂ ਵਲੋਂ ਇਸ ਨੂੰ ਤੇਜ਼ ਬਰਸਾਤ ਦਾ ਕਾਰਨ ਦੱਸਿਆ ਜਾ ਰਿਹਾ, ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਵੀ ਬਰਸਾਤ ਵਿਚ ਹੀ ਉਨ੍ਹਾਂ ਦੀ ਉਡੀਕ ਕਰ ਰਹੇ ਸਾਂ। ਇਸ ਮੌਕੇ ਵਰਕਰਾਂ ਨਾਲ ਗੱਲਬਾਤ ਕਰਦਿਆਂ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਉੁਹ ਵਿਸ਼ੇਸ਼ ਤੌਰ ’ਤੇ ਕੌਮਾਂਤਰੀ ਸਰਹੱਦ ਨਾਲ ਲਗਦੇ ਧੁੱਸੀ ਬੰਨ ਦਾ ਜਾਇਜ਼ਾ ਲੈਣ ਲਈ ਆਏ ਹਨ, ਜਿਥੇ ਲੰਘੇ ਸਾਲ ਰਾਵੀ ਦਰਿਆ ਅੰਦਰ ਆਏ ਹੜ੍ਹ ਦੇ ਪਾਣੀ ਨੇ ਧੁੱਸੀ ਬੰਨ ਨੂੰ ਕਈ ਥਾਵਾਂ ਉੱਪਰ ਢਾਹ ਲਾ ਕੇ ਸਰਹੱਦੀ ਖੇਤਰ ਦੇ ਸੈਂਕੜੇ ਪਿੰਡਾਂ ਅੰਦਰ ਭਾਰੀ ਤਬਾਹੀ ਮਚਾਈ ਸੀ, ਕਿਉਂਕਿ ਇਕ ਸਾਲ ਬੀਤ ਜਾਣ ਦੇ ਬਾਵਜੂਦ ਧੁੱਸੀ ਬੰਨ ਨੂੰ ਪੱਕਿਆਂ ਕਰਨ ਲਈ ਸੂਬਾ ਸਰਕਾਰ ਵਲੋਂ ਕੋਈ ਠੋਸ ਅਮਲ ਵਿਚ ਨਹੀਂ ਲਿਆਂਦੀ ਗਈ। ਉਨ੍ਹਾਂ ਕਿਹਾ ਕਿ ਕੁਦਰਤੀ ਆਫਤਾਂ ਕਾਰਨ ਕਿਸੇ ਸਮੇਂ ਵੀ ਨੁਕਸਾਨ ਹੋਣ ਦੀ ਚਿੰਤਾ ਬਣੀ ਰਹਿੰਦੀ ਹੈ। ਇਸ ਕਰ ਕੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਮਿਲ ਕੇ ਧੁੱਸੀ ਬੰਨ ਨੂੰ ਪੱਕਾ ਕਰ ਲਵੋ, ਟਰੈਕਟਰ ਤੇ ਡੀਜ਼ਲ ਮੈਂ ਦੇਵਾਂਗਾ ਤਾਂ ਕਿ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਪਿਛਲੀ ਖ਼ਬਰ ਰਵੀਕਰਨ ਸਿੰਘ ਕਾਹਲੋਂ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦਾ ਸਰਕਲ ਪ੍ਰਧਾਨ ਭਾਜਪਾ ’ਚ ਸ਼ਾਮਿਲ ਅਗਲੀ ਖ਼ਬਰ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਪਿੰਡ ਮੰਜਿਆਂਵਾਲੀ ਵਿਖੇ ਲੋਕ ਮਿਲਣੀ ਮੌਕੇ ਰਾਸ਼ਨ ਕਿੱਟਾਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।