ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਵਿਚ ‘ਮੰਗਲਾਕਸ਼ਮੀ ਉਤਸਵ’ ਕਰਵਾਇਆ
ਪਠਾਨਕੋਟ, 29 ਅਕਤੂਬਰ (ਸੁਮਿਤ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ‘ਮੰਗਲਾਕਸ਼ਮੀ ਉਤਸਵ’ ਤਹਿਤ ਦੀਵਾਲੀ ਤੇ ਕਰਵਾਚੌਥ ਦੇ ਤਿਉਹਾਰਾਂ ਨੂੰ ਸਮਰਪਿਤ ਇਕ ਆਕਰਸ਼ਕ ਪ੍ਰਦਰਸ਼ਨੀ ਤੇ ਵਿੱਕਰੀ ਦਾ ਆਯੋਜਨ ਕੀਤਾ ਗਿਆ । ਪ੍ਰਦਰਸ਼ਨੀ ’ਚ ਵਿਦਿਆਰਥੀਆਂ ਨੇ ਆਪਣੀ ਰਚਨਾਤਮਿਕਤਾ, ਕਲਾਤਮਿਕ ਪ੍ਰਤਿਭਾ ਤੇ ਨਵੇਂ ਵਿਚਾਰਾਂ ਦਾ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਹੱਥਾਂ ਨਾਲ ਤਿਆਰ ਕੀਤੀਆਂ ਸਜਾਵਟੀ ਤੇ ਉਪਯੋਗੀ ਵਸਤੂਆਂ ਪੇਸ਼ ਕੀਤੀਆਂ ।
ਪਠਾਨਕੋਟ, 29 ਅਕਤੂਬਰ (ਸੁਮਿਤ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ‘ਮੰਗਲਾਕਸ਼ਮੀ ਉਤਸਵ’ ਤਹਿਤ ਦੀਵਾਲੀ ਤੇ ਕਰਵਾਚੌਥ ਦੇ ਤਿਉਹਾਰਾਂ ਨੂੰ ਸਮਰਪਿਤ ਇਕ ਆਕਰਸ਼ਕ ਪ੍ਰਦਰਸ਼ਨੀ ਤੇ ਵਿੱਕਰੀ ਦਾ ਆਯੋਜਨ ਕੀਤਾ ਗਿਆ । ਪ੍ਰਦਰਸ਼ਨੀ ’ਚ ਵਿਦਿਆਰਥੀਆਂ ਨੇ ਆਪਣੀ ਰਚਨਾਤਮਿਕਤਾ, ਕਲਾਤਮਿਕ ਪ੍ਰਤਿਭਾ ਤੇ ਨਵੇਂ ਵਿਚਾਰਾਂ ਦਾ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਹੱਥਾਂ ਨਾਲ ਤਿਆਰ ਕੀਤੀਆਂ ਸਜਾਵਟੀ ਤੇ ਉਪਯੋਗੀ ਵਸਤੂਆਂ ਪੇਸ਼ ਕੀਤੀਆਂ । ਵਿਦਿਆਰਥੀਆਂ ਨੇ ਬੇਕਾਰ ਪਈਆਂ ਵਸਤੂਆਂ ਤੇ ਬਚੇ ਹੋਏ ਕੱਪੜਿਆਂ ਦੀ ਰਚਨਾਤਮਿਕ ਵਰਤੋਂ ਕਰਦਿਆਂ ਕਰਵਾਚੌਥ ਦੀਆਂ ਥਾਲੀਆਂ, ਫਰਸ਼ ਦੀਆਂ ਚਟਾਈਆਂ, ਦੀਵਿਆਂ ਦੇ ਸੁੰਦਰ ਸਟੈਂਡ, ਤੋਰਨ, ਕੰਧਾਂ ਨੂੰ ਸਜਾਉਣ ਵਾਲੀਆਂ ਵਸਤੂਆਂ ਤੇ ਪੋਟਲੀਆਂ ਸਮੇਤ ਕਈ ਆਕਰਸ਼ਕ ਚੀਜ਼ਾਂ ਤਿਆਰ ਕੀਤੀਆਂ । ਇਸ ਤੋਂ ਇਲਾਵਾ ਘਰਾਂ ’ਚ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਕਈ ਸੁੰਦਰ ਅਤੇ ਉਪਯੋਗੀ ਵਸਤੂਆਂ ਵੀ ਪ੍ਰਦਰਸ਼ਨੀ ਵਿਚ ਰੱਖੀਆਂ ਗਈਆਂ । ਇਨ੍ਹਾਂ ਵਸਤੂਆਂ ਦੀ ਵਿੱਕਰੀ ਰਾਹੀਂ ਵਿਦਿਆਰਥੀਆਂ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਉੱਦਮਸ਼ੀਲਤਾ ਦਾ ਵਿਹਾਰਕ ਤਜ਼ਰਬਾ ਹਾਸਲ ਕਰਨ ਦਾ ਮੌਕਾ ਮਿਲਿਆ । ਇਸ ਪਹਿਲਕਦਮੀ ਰਾਹੀਂ ਬੇਕਾਰ ਵਸਤੂਆਂ ਨੂੰ ਮੁੜ ਵਰਤੋਂ ਵਿਚ ਲਿਆ ਕੇ ਉਪਯੋਗੀ ਚੀਜ਼ਾਂ ਬਣਾਉਣ ਤੇ ਵਾਤਾਵਰਨ ਦੀ ਸੰਭਾਲ ਕਰਨ ਦਾ ਸੁਨੇਹਾ ਵੀ ਦਿੱਤਾ ਗਿਆ । ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਹੀਦ ਮੱਖਣ ਸਕੂਲ ਦੀ ਪ੍ਰਿੰਸੀਪਲ ਮੀਨਮ ਨੇ ਸ਼ਿਰਕਤ ਕੀਤੀ । ਪ੍ਰੋਗਰਾਮ ’ਚ ਲਾਇਨਜ਼ ਕਲੱਬ ਦੀ ਪ੍ਰਧਾਨ ਸੋਨੀਆ ਭੱਲਾ ਆਪਣੇ ਮੈਂਬਰਾਂ ਮੇਘਾ ਮਹਾਜਨ ਅਤੇ ਨੇਹਾ ਧੂਆ ਦੇ ਨਾਲ ਸ਼ਾਮਿਲ ਹੋਏ । ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਦੀ ਅੰਗਰੇਜ਼ੀ ਵਿਭਾਗ ਦੀ ਪ੍ਰੋਫੈਸਰ ਅੰਕਿਤਾ ਵੀ ਮੌਜੂਦ ਰਹੇ । ਕਾਲਜ ਦੇ ਪ੍ਰਿੰਸੀਪਲ ਡਾ: ਕੁਲਵੰਤ ਸਿੰਘ ਰੰਧਾਵਾ ਦੀ ਧਰਮ ਪਤਨੀ ਵਰਿੰਦਰ ਕੌਰ ਨੇ ਵੀ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ । ਕਾਲਜ ਦੇ ਪ੍ਰਿੰਸੀਪਲ ਡਾ: ਕੁਲਵੰਤ ਸਿੰਘ ਰੰਧਾਵਾ ਨੇ ਇਸ ਸਫਲ ਆਯੋਜਨ ਲਈ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੀ ਮੁਖੀ ਪੂਜਾ ਮਹਾਜਨ, ਨਿਧੀ ਡੋਗਰਾ ਤੇ ਅੰਜਲੀ ਸ਼ਰਮਾ ਦੇ ਯਤਨਾਂ ਦੀ ਸ਼ਲਾਘਾ ਕੀਤੀ । ‘ਮੰਗਲਾਕਸ਼ਮੀ ਉਤਸਵ’ ਵਿਦਿਆਰਥੀਆਂ ਲਈ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ, ਹੱਥਾਂ ਨਾਲ ਤਿਆਰ ਕੀਤੇ ਉਤਪਾਦਾਂ ਰਾਹੀਂ ਆਤਮ-ਨਿਰਭਰਤਾ ਦੀ ਭਾਵਨਾ ਵਿਕਸਿਤ ਕਰਨ ਤੇ ਤਿਉਹਾਰਾਂ ਨੂੰ ਰਚਨਾਤਮਿਕ ਤੇ ਵਾਤਾਵਰਨ ਅਨੁਕੂਲ ਢੰਗ ਨਾਲ ਮਨਾਉਣ ਦਾ ਸ਼ਲਾਘਾਯੋਗ ਮੌਕਾ ਸਾਬਤ ਹੋਇਆ ।