ਅਬੋਹਰ, 13 ਫਰਵਰੀ (ਸੁਖਜੀਤ ਸਿੰਘ ਬਰਾੜ)-ਅਬੋਹਰ ਕਿੰਨੂ ਮੰਡੀ ਇਸ ਵਾਰ ਫਿਰ ਵੀ ਕਿੰਨੂ ਉਤਪਾਦਕ ਬਾਗ਼ਬਾਨਾਂ ਦੀ ਲੁੱਟ ਦਾ ਕੇਂਦਰ ਬਣੀ ਹੋਈ ਹੈ | ਇਸ ਸਮੇਂ ਅਬੋਹਰ ਦੀ ਕਿੰਨੂ ਮੰਡੀ 'ਚ ਕਿੰਨੂ 26 ਤੋਂ 32 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ ਜਦ ਕਿ ਬਾਗ਼ਬਾਨਾਂ ਦੇ ਸਿੱਧਾ ਬਾਗ਼ਾਂ 'ਚ ਕਿੰਨੂ ਕੁਆਲਿਟੀ ਮੁਤਾਬਿਕ 30 ਰੁਪਏ ਤੋਂ ਲੈ ਕੇ 36 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ | ਇਸ ਤਰ੍ਹਾਂ ਕਿੰਨੂ ਬਾਗ਼ਬਾਨਾਂ ਦੇ ਬਾਗ਼ਾਂ ਨਾਲੋਂ ਕਿੰਨੂ ਅਬੋਹਰ ਮੰਡੀ 'ਚ ਪੰਜ ਤੋਂ ਛੇ ਰੁਪਏ ਪ੍ਰਤੀ ਕਿੱਲੋ ਘੱਟ ਭਾਅ 'ਤੇ ਵਿਕਦਾ ਹੈ | ਪੂਰੇ ਦੇਸ਼ ਭਰ 'ਚ ਸਿਰਫ਼ ਅਬੋਹਰ ਸ਼ਹਿਰ 'ਚ ਹੀ ਖੁੱਲ੍ਹੀ ਕਿੰਨੂ ਮੰਡੀ ਚੱਲਦੀ ਹੈ, ਜਿਥੇ ਬਾਗ਼ਬਾਨ ਕਿਸਾਨ ਆਪਣਾ ਸਿੱਧਾ ਕਿੰਨੂ ਲਿਆ ਕੇ ਵੇਚ ਸਕਦੇ ਹਨ ਪਰ ਬੀਤੇ ਪੰਜ ਸੱਤ ਤੋਂ ਇਹ ਕਿੰਨੂ ਮੰਡੀ ਬਾਗ਼ਬਾਨਾਂ ਦੀ ਸਿੱਧੀ ਲੁੱਟ ਕਰਨ ਦੇ ਮਾਮਲੇ ਨੂੰ ਲੈ ਕੇ ਚਰਚਿਤ ਰਹੀ ਹੈ ਕਿਉਂਕਿ ਇਸ ਮੰਡੀ 'ਚ ਕੰਮ ਕਰਨ ਵਾਲੇ ਆੜ੍ਹਤੀਏ ਤੇ ਕਿੰਨੂ ਵਪਾਰੀ ਆਪਸ ਵਿਚ ਗੰਢ ਤੁੱਪ ਕਰ ਲੈਂਦੇ ਹਨ ਅਤੇ ਹਰ ਰੋਜ਼ ਬਾਗ਼ਾਂ 'ਚ ਕਿੰਨੂ ਤੋੜ ਕੇ ਲਿਆਉਣ ਵਾਲੇ ਬਾਗ਼ਬਾਨ ਕਿਸਾਨਾਂ ਦਾ ਕਿੰਨੂ ਨਖ਼ਰੇ ਕਰਕੇ ਖ਼ਰੀਦਦੇ ਹਨ | ਉਨ੍ਹਾਂ ਨੂੰ ਵੀ ਪਤਾ ਹੁੰਦਾ ਹੈ ਕਿ ਜਿਹੜਾ ਕਿੰਨੂ ਬਾਗ਼ਬਾਨ ਕਿਸਾਨ ਬਾਗ਼ਾਂ 'ਚ ਤੋੜ ਹੀ ਲਿਆਂਦੇ ਹਨ ਉਹ ਹੁਣ ਵੇਚ ਕੇ ਤਾਂ ਜਾਣਗੇ ਹੀ | ਘਰੇ ਤਾਂ ਵਾਪਸ ਲਿਜਾ ਨਹੀਂ ਸਕਦੇ | ਇਸ ਤਰ੍ਹਾਂ ਇਹ ਸਾਰਾ ਘਾਲਾਂ ਮਾਲਾ ਚੱਲਦਾ ਹੈ | ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸੂਬਾ ਬੁਲਾਰੇ ਕੁਲਦੀਪ ਸਿੰਘ ਸ਼ੇਰਗੜ੍ਹ, ਬੱਬਲ ਬੁੱਟਰ ਦਾ ਕਹਿਣਾ ਹੈ ਕਿ ਕਿਸਾਨ ਯੂਨੀਅਨ ਨੇ ਵੀ ਕਿੰਨੂ ਬਾਗ਼ਬਾਨਾਂ ਦੀ ਅਬੋਹਰ ਦੀ ਕਿੰਨੂ ਮੰਡੀ 'ਚ ਹੁੰਦੀ ਲੁੱਟ ਰੋਕਣ ਲਈ ਬਹੁਤ ਆਵਾਜ਼ ਉਠਾਈ ਹੈ ਪਰ ਫਿਰ ਵੀ ਇਹ ਸਭ ਕੁਝ ਉਸੇ ਤਰ੍ਹਾਂ ਚੱਲ ਜਾਂਦਾ ਹੈ | ਪੰਜਾਬ ਸਰਕਾਰ 'ਤੇ ਪ੍ਰਸ਼ਾਸਨ ਵੀ ਇਸ ਮਾਮਲੇ 'ਤੇ ਕੁੱਝ ਵੀ ਨਹੀਂ ਕਰਦਾ | ਇਸ ਮਾਮਲੇ 'ਤੇ ਪ੍ਰਸ਼ਾਸਨ ਨੂੰ ਸਖ਼ਤੀ ਕਰਨੀ ਚਾਹੀਦੀ ਹੈ |