ਅਬੋਹਰ, 28 ਫਰਵਰੀ (ਵਿਵੇਕ ਹੂੜੀਆ)-ਅਬੋਹਰ ਦੇ ਸੁਭਾਸ਼ ਨਗਰ ਤੋਂ ਪਿੰਡ ਕਾਲਾ ਟਿੱਬਾ ਨੂੰ ਜਾਂਦੀ ਲਿੰਕ ਰੋਡ 'ਤੇ ਅੱਜ ਦੁਪਹਿਰ ਇਕ ਭਿਆਨਕ ਸੜਕ ਹਾਦਸਾ ਵਾਪਰਿਆ | ਮਿੱਟੀ ਨਾਲ ਭਰੀ ਇਕ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ | ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋਣ 'ਚ ਕਾਮਯਾਬ ਰਿਹਾ | ਜਾਣਕਾਰੀ ਅਨੁਸਾਰ ਮਿ੍ਤਕ ਦੀ ਪਛਾਣ ਅਨੁਰਾਗ (21) ਪੁੱਤਰ ਭੰਵਰ ਲਾਲ ਵਾਸੀ ਪਿੰਡ ਰਾਏਪੁਰਾ ਵਜੋਂ ਹੋਈ ਹੈ | ਅਨੁਰਾਗ ਅਬੋਹਰ 'ਚ ਇਕ ਨਿੱਜੀ ਨੌਕਰੀ ਕਰਦਾ ਸੀ ਅਤੇ ਦੋ ਭਰਾਵਾਂ 'ਚੋਂ ਵੱਡਾ ਸੀ | ਅੱਜ ਉਹ ਸ਼ਹਿਰ ਵਿਚ ਬਿਜਲੀ ਦੇ ਮੀਟਰ ਦੀ ਫਾਈਲ ਜਮਾਂ ਕਰਵਾ ਕੇ ਆਪਣੇ ਮੋਟਰਸਾਈਕਲ 'ਤੇ ਵਾਪਸ ਪਿੰਡ ਜਾ ਰਿਹਾ ਸੀ | ਜਦੋਂ ਉਹ ਕਾਲਾ ਟਿੱਬਾ ਰੋਡ 'ਤੇ ਪਹੁੰਚਿਆ ਤਾਂ ਲਾਪ੍ਰਵਾਹੀ ਨਾਲ ਆ ਰਹੀ ਟਰੈਕਟਰ-ਟਰਾਲੀ ਨੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ | ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ-2 ਦੀ ਪੁਲਿਸ ਤੇ 'ਨਰ ਸੇਵਾ ਨਰਾਇਣ ਸੇਵਾ ਸੰਮਤੀ' ਦੇ ਮੈਂਬਰ ਬਿੱਟੂ ਨਰੂਲਾ ਤੇ ਸੋਨੰੂ ਗਰੋਵਰ ਮੌਕੇ 'ਤੇ ਪਹੁੰਚੇ | ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਰਾਏਪੁਰਾ 'ਚ ਸੋਗ ਦੀ ਲਹਿਰ ਦੌੜ ਗਈ | ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ ਤੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫ਼ਰਾਰ ਟਰੈਕਟਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਸ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ |