ਫ਼ਿਰੋਜ਼ਪੁਰ, 28 ਫਰਵਰੀ (ਕੁਲਬੀਰ ਸਿੰਘ ਸੋਢੀ)-ਸੂਬੇ ਦੇ ਸਮੂਹ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਤਰਜੀਹ ਦਿੰਦੇ ਹੋਏ ਸਰਕਾਰ ਵਲੋਂ ਮੋਟੀਆਂ ਗਰਾਂਟਾਂ ਦਿੱਤੀਆਂ ਗਈਆਂ ਹਨ ਤਾਂ ਕਿ ਵੱਡੇ ਪੱਧਰ ਤੇ ਸੁਧਾਰ ਕਰਕੇ ਰੂਪ ਰੇਖਾ ਬਦਲੀ ਜਾਵੇ | ਇਸੇ ਲੜੀ ਤਹਿਤ ਹਲਕਾ ਸ਼ਹਿਰੀ ਵਿਧਾਇਕ ਰਣਬੀਰ ਸਿੰਘ ਭੁੱਲਰ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਹਸਤੀ ਵਾਲਾ, ਬੱਗੇ ਕੇ ਪਿੱਪਲ, ਬੱਗੇ ਕੇ ਖ਼ੁਰਦ, ਰੱਜੀ ਵਾਲਾ, ਆਸਲ, ਬਸਤੀ ਖੇਮਕਰਨ ਤੇ ਬਸਤੀ ਬਾਲਮੀਕ ਵਿਖੇ ਕਰੋੜਾਂ ਰੁਪਏ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ | ਵਿਧਾਇਕ ਭੁੱਲਰ ਨੇ ਦੱਸਿਆ ਕਿ ਇਨ੍ਹਾਂ ਵਿਕਾਸ ਕਾਰਜਾਂ 'ਚ ਇੰਟਰਲਾਕ ਟਾਈਲਾਂ ਲਗਾਉਣਾ, ਸੌਲਿਡ ਵੇਸਟ ਪ੍ਰਾਜੈਕਟ ਦੀ ਸਥਾਪਨਾ, ਪੰਚਾਇਤ ਘਰ ਦੀ ਨਵੀਂ ਇਮਾਰਤ, ਪੀਣ ਵਾਲਾ ਪਾਣੀ, ਗਲੀਆਂ ਨਾਲੀਆਂ ਪੱਕੀਆਂ ਕਰਨੀਆਂ, ਲਾਇਬ੍ਰੇਰੀ, ਖੜਵੰਜਾ, ਧਰਮਸ਼ਾਲਾ ਅਤੇ ਸ਼ਮਸ਼ਾਨਘਾਟ ਦੀ ਚਾਰ ਦੀਵਾਰੀ, ਛੱਪੜਾਂ ਦੀ ਸਫ਼ਾਈ ਅਤੇ ਗਲੀਆਂ-ਨਾਲੀਆਂ ਦੀ ਮੁਰੰਮਤ ਆਦਿ ਵਰਗੇ ਮਹੱਤਵਪੂਰਨ ਕੰਮ ਸ਼ਾਮਿਲ ਹਨ | ਵਿਧਾਇਕ ਭੁੱਲਰ ਨੇ ਕਿਹਾ ਕਿ ਇਨ੍ਹਾਂ ਕਾਰਜਾਂ 'ਤੇ ਲੱਖਾਂ ਰੁਪਏ ਦੀ ਲਾਗਤ ਆਏਗੀ ਤੇ ਮੁਕੰਮਲ ਹੋਣ ਉਪਰੰਤ ਪਿੰਡ ਵਾਸੀਆਂ ਨੂੰ ਵੱਡੀ ਸਹੂਲਤ ਪ੍ਰਾਪਤ ਹੋਵੇਗੀ | ਭੁੱਲਰ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਨਿਰੰਤਰ ਵਿਕਾਸ ਕਾਰਜ ਕਰਵਾ ਰਹੀ ਹੈ | ਉਨ੍ਹਾਂ ਦੱਸਿਆ ਕਿ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦਿਆਂ ਆਉਣ ਵਾਲੇ ਸਮੇਂ ਵਿਚ ਹੋਰ ਵੀ ਨਵੇਂ ਵਿਕਾਸ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ | ਇਸ ਮੌਕੇ ਪਿੰਡਾਂ ਦੇ ਸਰਪੰਚ, ਪੰਚਾਇਤ ਮੈਂਬਰ ਤੇ ਇਲਾਕਾ ਨਿਵਾਸੀ ਵੀ ਮੌਜੂਦ ਸਨ |