14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਨੂੰ 'ਆਪ' ਦੀ ਸਰਕਾਰ ਨੇ ਲਾਇਆ ਲਾਂਬੂ : ਜਿਆਣੀ

ਅਜੀਤ ਡੈਸਕ 02-03-2026
ਫ਼ਾਜ਼ਿਲਕਾ, 1 ਮਾਰਚ (ਅਮਰਜੀਤ ਸ਼ਰਮਾ)-ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸਥਾਨਕ ਸਾਬਕਾ ਵਿਧਾਇਕ ਸੁਰਜੀਤ ਕੁਮਾਰ ਜਿਆਣੀ ਨੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ 'ਤੇ ਕਾਨੂੰਨ ਵਿਵਸਥਾ, ਨਾਜਾਇਜ਼ ਮਾਈਨਿੰਗ ਅਤੇ ਸਿਹਤ ਸੇਵਾਵਾਂ ਨੂੰ ਲੈ ਕੇ ਕਰੜੇ ਸਵਾਲ ਚੁੱਕਦਿਆਂ ਸਰਕਾਰ ਨੂੰ ਲੋਕ ਵਿਰੋਧੀ ਸਰਕਾਰ ਕਰਾਰ ਦਿੱਤਾ ਹੈ | ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ ਅਤੇ ਨਸ਼ਾ ਤਸਕਰ, ਗੈਂਗਸਟਰ ਤੇ ਮਾਈਨਿੰਗ ਮਾਫੀਆ ਬੇਖ਼ੌਫ਼ ਹੋ ਕੇ ਕੰਮ ਕਰ ਰਹੇ ਹਨ | ਉਨ੍ਹਾਂ ਦਾਅਵਾ ਕੀਤਾ ਕਿ ਫ਼ਾਜ਼ਿਲਕਾ ਦੇ ਸਰਹੱਦੀ ਖੇਤਰ ਵਿਚ ਸਤਲੁਜ ਕਰੀਕ ਵਿਚੋਂ ਸਿਲਟ (ਭਲ) ਕੱਢਣ ਦੇ ਨਾਂਅ 'ਤੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ | ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਇਸ ਸਬੰਧੀ ਆਵਾਜ਼ ਉਠਾਈ ਗਈ ਤਾਂ ਭਾਜਪਾ ਦੇ ਮੰਡਲ ਪ੍ਰਧਾਨ ਖ਼ਿਲਾਫ਼ ਕਥਿਤ ਤੌਰ 'ਤੇ ਝੂਠਾ ਮਾਮਲਾ ਦਰਜ ਕਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਸੱਤਾ ਵਿਚ ਆਉਣ ਵੇਲੇ ਰੇਤ ਦੀ ਮਾਈਨਿੰਗ ਤੋਂ ਪੰਜਾਬ ਨੂੰ 20 ਹਜ਼ਾਰ ਕਰੋੜ ਰੁਪਏ ਦੀ ਆਮਦਨ ਹੋਣ ਦਾ ਦਾਅਵਾ ਕੀਤਾ ਸੀ ਪਰ ਮੌਜੂਦਾ ਸਥਿਤੀ ਇਨ੍ਹਾਂ ਦਾਅਵਿਆਂ ਦੇ ਬਿਲਕੁਲ ਉਲਟ ਹੈ | ਜਿਆਣੀ ਅਨੁਸਾਰ ਸਰਹੱਦੀ ਖੇਤਰ ਵਿਚ 85 ਅਜਿਹੇ ਪੁਆਇੰਟ ਬਣਾਏ ਗਏ ਹਨ ਜਿੱਥੋਂ ਸਿਲਟ ਕੱਢਣ ਦੀ ਆੜ ਵਿਚ ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ ਚੱਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਮੁੱਦੇ 'ਤੇ ਪੰਚਾਇਤ ਵਲੋਂ ਅਦਾਲਤ ਵਿਚ ਸ਼ਿਕਾਇਤ ਕੀਤੀ ਗਈ ਹੈ | ਜਿਸ 'ਤੇ ਅਦਾਲਤ ਨੇ ਨੋਟਿਸ ਲਿਆ ਹੈ | ਇਸ ਦੇ ਨਾਲ ਹੀ ਨੈਸ਼ਨਲ ਗਰੀਨ ਟਿ੍ਬਿਊਨਲ ਨੇ ਵੀ ਮਾਮਲੇ ਵਿਚ ਵਾਤਾਵਰਨ ਨੂੰ ਨੁਕਸਾਨ ਨਾ ਪਹੁੰਚਾਉਣ ਸਬੰਧੀ ਨਿਰਦੇਸ਼ ਜਾਰੀ ਕੀਤੇ ਹਨ | ਸਾਬਕਾ ਸਿਹਤ ਮੰਤਰੀ ਜਿਆਣੀ ਨੇ ਜ਼ਿਲ੍ਹਾ ਹਸਪਤਾਲ ਦੀ ਮਾੜੀ ਹਾਲਤ 'ਤੇ ਵੀ ਚਿੰਤਾ ਪ੍ਰਗਟਾਈ | ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਡਾਕਟਰਾਂ ਦੀ ਭਾਰੀ ਕਮੀ ਹੈ ਅਤੇ ਜਣੇਪੇ ਵਰਗੇ ਕੇਸ ਵੀ ਰੈਫ਼ਰ ਕੀਤੇ ਜਾ ਰਹੇ ਹਨ | ਹਸਪਤਾਲ ਦੇ ਪਖਾਨਿਆਂ ਅਤੇ ਸਫ਼ਾਈ ਵਿਵਸਥਾ ਦਾ ਵੀ ਬੁਰਾ ਹਾਲ ਹੈ | ਜਿਆਣੀ ਨੇ ਦੋਸ਼ ਲਾਇਆ ਕਿ ਸਰਕਾਰ ਦੇ ਨੁਮਾਇੰਦੇ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਹੋਰ ਗਤੀਵਿਧੀਆਂ ਵਿਚ ਰੁੱਝੇ ਹੋਏ ਹਨ |
ਪਿਛਲੀ ਖ਼ਬਰ ਫਿਰਨੀ ਮਜਾਰਾ ਵਿਖੇ ਸਿਹਤ ਕਾਰਡ ਬਣਾਉਣ ਲਈ ਕੈਂਪ ਲਗਾਇਆ ਅਗਲੀ ਖ਼ਬਰ ਕਾਰ ਅਤੇ ਮੋਟਰਸਾਈਕਲ ਵਿਚਕਾਰ ਹਾਦਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।