15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਆਸ਼ਾ ਵਰਕਰਾਂ ਤੇ ਫੈਸੀਲੀਟੇਟਰਾਂ ਦਾ ਧਰਨਾ 14ਵੇਂ ਦਿਨ ਵੀ ਜਾਰੀ, ਸਰਕਾਰ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ

ਅਜੀਤ ਡੈਸਕ 29-03-2026
ਫ਼ਾਜ਼ਿਲਕਾ, 28 ਮਾਰਚ (ਦਵਿੰਦਰ ਪਾਲ ਸਿੰਘ)-ਆਸ਼ਾ ਵਰਕਰ ਅਤੇ ਫੈਸੀਲੀਟੇਟਰ ਸਾਂਝਾ ਮੋਰਚਾ ਪੰਜਾਬ ਦੇ ਸੱਦੇ 'ਤੇ ਫ਼ਾਜ਼ਿਲਕਾ ਅਰਬਨ ਦੀ ਉਪ-ਪ੍ਰਧਾਨ ਕਿਰਨ ਬਾਲਾ ਦੀ ਅਗਵਾਈ ਹੇਠ ਵਰਕਰਾਂ ਦੀ ਹੜਤਾਲ 14ਵੇਂ ਦਿਨ ਵੀ ਲਗਾਤਾਰ ਜਾਰੀ ਰਹੀ | ਯੂਨੀਅਨ ਨੇ ਪੰਜਾਬ ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਸਿਹਤ ਵਿਭਾਗ ਦੇ ਵਰਕਰਾਂ ਦੀ ਕੀਤੀ ਗਈ ਅਣਦੇਖੀ ਵਿਰੁੱਧ ਤਿੱਖਾ ਰੋਸ ਪ੍ਰਗਟਾਇਆ | ਆਗੂਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਬਿਨਾਂ ਭੱਤਿਆਂ ਦੇ ਕੰਮ ਲਿਆ ਜਾ ਰਿਹਾ ਹੈ ਅਤੇ ਮੰਗਾਂ ਮੰਨਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ | ਸਾਂਝੇ ਮੋਰਚੇ ਨੇ ਸਰਕਾਰ ਦੀ ਇਸ ਕਾਰਜਪ੍ਰਣਾਲੀ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਹੱਕ ਨਾ ਦਿੱਤੇ ਗਏ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਯੂਨੀਅਨ ਨੇ ਮੰਗ ਕੀਤੀ ਕਿ ਉਜਰਤ ਕਾਨੂੰਨ ਤਹਿਤ ਘੱਟੋ-ਘੱਟ ਤਨਖ਼ਾਹ 28,000 ਰੁਪਏ ਕੀਤੀ ਜਾਵੇ ਅਤੇ ਡੀ.ਸੀ.ਰੇਟ ਲਾਗੂ ਹੋਵੇ | ਹਰਿਆਣਾ ਦੀ ਤਰਜ਼ 'ਤੇ ਸੇਵਾਮੁਕਤੀ ਮੌਕੇ ਸਹਾਇਤਾ ਫ਼ੰਡ ਅਤੇ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ | ਇਸ ਤੋਂ ਇਲਾਵਾ ਫੈਸੀਲੀਟੇਟਰਾਂ ਲਈ ਟੂਰ-ਮਨੀ ਨੋਟੀਫ਼ਿਕੇਸ਼ਨ ਜਾਰੀ ਕਰਨ ਅਤੇ ਭਰਤੀ ਵਿਚ 10 ਪ੍ਰਤੀਸ਼ਤ ਕੋਟਾ ਦੇਣ ਦੀ ਵੀ ਮੰਗ ਕੀਤੀ ਗਈ | ਆਗੂਆਂ ਨੇ ਦੱਸਿਆ ਕਿ 16 ਮਾਰਚ ਤੋਂ 28 ਮਾਰਚ ਤੱਕ ਸਰਕਾਰੀ ਕੰਮਾਂ ਦਾ ਮੁਕੰਮਲ ਬਾਈਕਾਟ ਰਿਹਾ ਹੈ | ਉਨ੍ਹਾਂ ਕਿਹਾ ਕਿ 25 ਮਾਰਚ ਨੂੰ ਸਰਕਾਰ ਨਾਲ ਹੋਈ ਮੀਟਿੰਗ ਵਿਚ ਮਿਲੇ ਭਰੋਸੇ ਤੋਂ ਬਾਅਦ ਰੋਡ ਰੈਲੀਆਂ ਮੁਲਤਵੀ ਕੀਤੀਆਂ ਗਈਆਂ ਸਨ | ਹੁਣ 1 ਅਪ੍ਰੈਲ ਨੂੰ ਮੋਗਾ ਵਿਖੇ ਸਾਂਝੇ ਮੋਰਚੇ ਦੀ ਅਹਿਮ ਮੀਟਿੰਗ ਬੁਲਾਈ ਗਈ ਹੈ | ਜੇਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਾਂ-ਪੱਖੀ ਹੁੰਗਾਰਾ ਨਾ ਭਰਿਆ ਤਾਂ ਪੂਰੇ ਪੰਜਾਬ ਵਿਚ ਪੱਕੇ ਮੋਰਚੇ ਲਗਾ ਕੇ ਵੱਡੇ ਐਕਸ਼ਨ ਕੀਤੇ ਜਾਣਗੇ | ਇਸ ਮੌਕੇ ਉਰਮਿਲਾ ਦੇਵੀ, ਸੁਸ਼ਮਾ ਰਾਣੀ, ਜਸਵਿੰਦਰ ਕੌਰ, ਰਾਜ ਰਾਣੀ, ਗੀਤਾ ਰਾਣੀ ਅਤੇ ਦੀਪਿਕਾ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਬਾਰ ਕੌਂਸਲ ਚੋਣਾਂ ਤਹਿਤ ਜ਼ਿਲ੍ਹਾ ਫ਼ਾਜ਼ਿਲਕਾ ਦੀਆਂ ਪਹਿਲੀ ਪਸੰਦ ਦੇ ਉਮੀਦਵਾਰਾਂ ਦੀਆਂ ਵੋਟਾਂ ਦੀ ਗਿਣਤੀ ਹੋਈ ਮੁਕੰਮਲ ਅਗਲੀ ਖ਼ਬਰ ਸਿਹਤ ਮੰਤਰੀ ਵਲੋਂ ਮਲਟੀਪਰਪਜ਼ ਸਿਹਤ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਜਲਦ ਹੱਲ ਕਰਨ ਦਾ ਭਰੋਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।