ਅਬੋਹਰ, 30 ਅਪ੍ਰੈਲ (ਵਿਵੇਕ ਹੂੜੀਆ)-ਸ਼ਹਿਰ ਵਿਚ ਲਗਾਤਾਰ ਵੱਧ ਰਹੇ ਸੜਕ ਹਾਦਸਿਆਂ ਅਤੇ ਟਰੈਫ਼ਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਖ਼ਿਲਾਫ਼ ਟਰੈਫ਼ਿਕ ਪੁਲਿਸ ਨੇ 'ਜ਼ੀਰੋ ਟਾਲਰੈਂਸ' ਨੀਤੀ ਅਪਣਾ ਲਈ ਹੈ | ਟਰੈਫ਼ਿਕ ਇੰਚਾਰਜ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਨਿਯਮ ਤੋੜਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਪਟਾਕੇ ਵਜਾਉਣ ਵਾਲੇ ਬੁਲੇਟ ਮੋਟਰਸਾਈਕਲਾਂ ਅਤੇ ਬਿਨਾਂ ਹੈਲਮਟ ਚਾਲਕਾਂ ਦੇ ਵੱਡੀ ਗਿਣਤੀ ਵਿਚ ਚਲਾਨ ਕੱਟੇ ਗਏ ਹਨ | ਟਰੈਫ਼ਿਕ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ 100 ਤੋਂ ਵੱਧ ਦੋਪਹੀਆ ਵਾਹਨਾਂ ਨੂੰ ਜ਼ਬਤ ਕੀਤਾ ਗਿਆ ਹੈ | ਇਸ ਮੁਹਿੰਮ ਦੌਰਾਨ ਤੇਜ਼ ਆਵਾਜ਼ ਵਿਚ ਪਟਾਕੇ ਵਜਾਉਣ ਵਾਲੇ ਬੁਲੇਟ ਸਵਾਰਾਂ, ਕਾਰਾਂ 'ਤੇ ਗੈਰ-ਕਾਨੂੰਨੀ ਕਾਲੀ ਫ਼ਿਲਮ ਲਗਾਉਣ ਵਾਲਿਆਂ, ਵਾਹਨ ਚਲਾਉਂਦੇ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ ਕਰਨ ਵਾਲਿਆਂ ਅਤੇ ਬਿਨਾਂ ਹੈਲਮਟ ਚਾਲਕਾਂ 'ਤੇ ਸਖ਼ਤ ਸ਼ਿਕੰਜਾ ਕੱਸਿਆ ਗਿਆ ਹੈ | ਇਸ ਤੋਂ ਇਲਾਵਾ ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ ਸਕੂਲੀ ਵੈਨਾਂ ਦੇ ਵੀ ਚਲਾਨ ਕੀਤੇ ਗਏ ਹਨ | ਟਰੈਫ਼ਿਕ ਇੰਚਾਰਜ ਨੇ ਮਾਪਿਆਂ ਨੂੰ ਸਪਸ਼ਟ ਅਪੀਲ ਕੀਤੀ ਹੈ ਕਿ ਉਹ ਆਪਣੇ ਨਾਬਾਲਗ ਬੱਚਿਆਂ ਨੂੰ ਵਾਹਨ ਨਾ ਦੇਣ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਨਾਬਾਲਗ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਨਾ ਸਿਰਫ਼ ਵਾਹਨ ਦਾ ਚਲਾਨ ਹੋਵੇਗਾ, ਸਗੋਂ ਉਸ ਦੇ ਮਾਪਿਆਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਪੁਲਿਸ ਨੇ ਸਾਫ਼ ਕਰ ਦਿੱਤਾ ਹੈ ਕਿ ਇਹ ਮੁਹਿੰਮ ਸਿਰਫ਼ ਇਕ ਦਿਨ ਲਈ ਨਹੀਂ, ਸਗੋਂ ਆਉਣ ਵਾਲੇ ਦਿਨਾਂ ਵਿਚ ਵੀ ਨਿਰੰਤਰ ਜਾਰੀ ਰਹੇਗੀ | ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਵਾਹਨਾਂ ਦੇ ਦਸਤਾਵੇਜ਼ ਪੂਰੇ ਰੱਖਣ, ਸਹੀ ਨੰਬਰ ਪਲੇਟਾਂ ਦੀ ਵਰਤੋਂ ਕਰਨ ਅਤੇ ਟਰੈਫ਼ਿਕ ਨਿਯਮਾਂ ਦੀ ਪਾਲਨਾ ਕਰਕੇ ਜ਼ਿੰਮੇਵਾਰ ਨਾਗਰਿਕ ਬਣਨ |