03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਦੇ ਮਾੜੇ ਪ੍ਰਬੰਧਾਂ ਕਾਰਨ ਆੜ੍ਹਤੀ ਵਰਗ 'ਚ ਹਾਹਾਕਾਰ

ਅਜੀਤ ਡੈਸਕ 12-05-2026
ਫ਼ਾਜ਼ਿਲਕਾ, 11 ਮਈ (ਦਵਿੰਦਰ ਪਾਲ ਸਿੰਘ)-ਕਣਕ ਦੀ ਕਟਾਈ ਦਾ ਕੰਮ ਖੇਤਾਂ 'ਚੋਂ ਕਰੀਬ 20 ਦਿਨ ਦਾ ਖ਼ਤਮ ਹੋ ਚੁੱਕਿਆ ਹੈ | ਪਰ ਮੰਡੀਆਂ ਅੰਦਰ ਮਾੜੇ ਪ੍ਰਬੰਧਾਂ ਕਾਰਨ ਕਣਕ ਦੀ ਲਿਫ਼ਟਿੰਗ ਨਾ ਹੋਣ ਕਰਕੇ ਕਰੋੜਾਂ ਰੁਪਏ ਦੀ ਸਰਕਾਰ ਦੀ ਕਣਕ ਬੇਕਦਰੀ ਦਾ ਸ਼ਿਕਾਰ ਹੋ ਰਹੀ ਹੈ | ਜਿਸ ਕਾਰਨ ਆੜ੍ਹਤੀ ਵਰਗ ਅੰਦਰ ਤਰਾਹ-ਤਰਾਹ ਮਚੀ ਹੋਈ ਹੈ | ਨਿੱਤ ਮੌਸਮ ਦੀ ਖ਼ਰਾਬੀ ਵਪਾਰੀਆਂ ਨੂੰ ਹੋਰ ਚਿੰਤਾ ਵਿਚ ਪਾ ਦਿੰਦੀ ਹੈ | ਇਸ ਵਾਰ ਬੇਮੌਸਮੀ ਵਰਖਾ ਕਾਰਨ ਕਣਕ ਦੀ ਗੁਣਵੱਤਾ 'ਤੇ ਪਹਿਲਾ ਹੀ ਬਹੁਤ ਮਾੜਾ ਅਸਰ ਪੈ ਚੁੱਕਿਆ ਹੈ | ਸੋਨੇ ਰੰਗੀ ਭਖਦੀ ਕਣਕ ਦਾ ਰੰਗ ਬਦਲ ਚੁੱਕਿਆ ਹੈ | ਜੋ ਗੱਟੇ ਦੋ ਤਿੰਨ ਹਫ਼ਤਿਆਂ ਤੋਂ ਭਰੇ ਪਏ ਹਨ ਉਨ੍ਹਾਂ ਦਾ ਵਜ਼ਨ ਘਟਣਾ ਸੁਭਾਵਿਕ ਬਣਿਆ ਹੋਇਆ ਹੈ | ਜਦ ਕਿ ਕਣਕ ਦੀ ਲਿਫ਼ਟਿੰਗ ਦੀ ਸਾਰੀ ਜ਼ਿੰਮੇਵਾਰੀ ਠੇਕੇਦਾਰਾਂ ਦੀ ਹੁੰਦੀ ਹੈ | ਸਰਕਾਰੀ ਨਿਯਮਾਂ ਅਨੁਸਾਰ ਤੋਲੀ ਗਈ ਕਣਕ 72 ਘੰਟਿਆਂ ਦੇ ਅੰਦਰ-ਅੰਦਰ ਠੇਕੇਦਾਰ ਨੇ ਚੁੱਕਣੀ ਹੁੰਦੀ ਹੈ | ਕਣਕ ਦੀ ਚੁਕਾਈ ਲਈ ਵਾਹਨਾਂ ਦੇ ਪ੍ਰਬੰਧ ਠੇਕੇਦਾਰ ਨੇ ਕਣਕ ਦੀ ਆਮਦ ਨੂੰ ਦੇਖ ਕੇ ਕਰਨੇ ਹੁੰਦੇ ਹਨ | ਜੇਕਰ ਕੋਈ ਠੇਕੇਦਾਰ ਸਰਕਾਰ ਨਾਲ ਕੀਤੇ ਸਮਝੌਤੇ ਅਧੀਨ ਆਪਣੇ ਕੰਮ 'ਤੇ ਖਰਾ ਨਹੀਂ ਉੱਤਰਦਾ ਤਾਂ ਜ਼ਿਲ੍ਹਾ ਪ੍ਰਸ਼ਾਸਨ ਉਸ ਦਾ ਲਾਇਸੈਂਸ ਰੱਦ ਕਰਕੇ ਚੁਕਾਈ ਦੇ ਅਗਲੇ ਪੁਖ਼ਤਾ ਪ੍ਰਬੰਧ ਕਰ ਸਕਦਾ ਹੈ | ਪਰ ਪਤਾ ਨਹੀਂ ਕਿਉਂ ਸਰਕਾਰ ਅਤੇ ਪ੍ਰਸ਼ਾਸਨ ਠੇਕੇਦਾਰਾਂ 'ਤੇ ਇਤਨਾ ਮਿਹਰਬਾਨ ਹੋਇਆ ਪਿਆ ਹੈ | ਫ਼ਾਜ਼ਿਲਕਾ ਦੀਆਂ ਮੰਡੀਆਂ ਅੰਦਰ 60 ਹਜ਼ਾਰ ਮੀਟਰਿਕ ਟਨ ਕਣਕ ਦੀ ਲਿਫ਼ਟਿੰਗ ਹਾਲੇ ਬਾਕੀ ਹੈ | ਆੜ੍ਹਤੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਦੋਸ਼ ਲਗਾਇਆ ਹੈ ਕਿ ਕਣਕ ਦੀ ਲਿਫ਼ਟਿੰਗ ਨੂੰ ਲੈ ਕੇ ਸਮੁੱਚਾ ਆੜ੍ਹਤੀ ਵਰਗ ਚਿੰਤਾ ਵਿਚ ਹੈ | ਉਨ੍ਹਾਂ ਕਿਹਾ ਕਿ ਜੋ ਕਣਕ ਮਹੀਨਾ ਪਹਿਲਾ ਦੀ ਤੁਲੀ ਪਈ ਹੈ, ਉਸ ਦਾ ਵਜ਼ਨ ਘਟਣਾ ਸੁਭਾਵਿਕ ਹੈ | ਉਸ ਘਟੇ ਵਜ਼ਨ ਦੀ ਜ਼ਿੰਮੇਵਾਰੀ ਠੇਕੇਦਾਰ ਦੀ ਬਣਦੀ ਹੈ | ਜਦ ਕਿ ਖ਼ਰੀਦ ਏਜੰਸੀਆਂ ਦਬਾਅ ਹੇਠ ਆ ਕੇ ਜ਼ਿੰਮੇਵਾਰੀ ਆੜ੍ਹਤੀ ਵਰਗ 'ਤੇ ਪਾ ਰਹੀਆਂ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨੀ ਕਣਕ ਬਕਾਇਆ ਪਈ ਹੈ, ਚੁਕਾਈ ਦੀ ਇਹ ਹੀ ਰਫ਼ਤਾਰ ਰਹੀ ਤਾਂ 15 ਦਿਨ ਤੋਂ ਜ਼ਿਆਦਾ ਹੋਰ ਸਮਾਂ ਚੁਕਾਈ ਲਈ ਲੱਗ ਜਾਵੇਗਾ | ਦੂਸਰੇ ਪਾਸੇ ਠੇਕੇਦਾਰਾਂ ਦਾ ਕਹਿਣਾ ਹੈ ਕਿ ਆੜ੍ਹਤੀਆਂ ਨੇ ਕਣਕ ਦੀ ਚੰਗੀ ਤਰ੍ਹਾਂ ਸੰਭਾਲ ਨਹੀਂ ਕੀਤੀ | ਜਿਸ ਕਾਰਨ ਉਹ ਰੌਲਾ ਪਾ ਰਹੇ ਹਨ | ਉਨ੍ਹਾਂ ਕਿਹਾ ਕਿ ਜ਼ਿਆਦਾਤਰ ਕਣਕ ਦੀ ਚੁਕਾਈ ਹੋ ਚੁੱਕੀ ਹੈ | ਜਲਦੀ ਹੀ ਸਾਰਾ ਕੰਮ ਮੁਕੰਮਲ ਹੋ ਜਾਵੇਗਾ | ਉੱਧਰ ਟਰਾਂਸਪੋਰਟਰਾਂ ਨੇ ਕਿਹਾ ਕਿ ਜੇਕਰ ਪਿਛਲੇ ਸਾਲ ਦੇ ਸੀਜ਼ਨ ਵਾਂਗ ਇਸ ਵਾਰ ਉਨ੍ਹਾਂ 'ਤੇ ਘਟੀ ਕਣਕ ਪਾਈ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਉਨ੍ਹਾਂ ਕਿਹਾ ਕਿ ਠੇਕੇਦਾਰਾਂ ਦੀ ਤਾਨਾਸ਼ਾਹੀ ਵਤੀਰੇ ਕਾਰਨ ਜ਼ਿਆਦਾਤਰ ਟਰੱਕ ਆਪ੍ਰੇਟਰਾਂ ਨੇ ਕਣਕ ਦੀ ਚੁਕਾਈ ਦਾ ਕੰਮ ਇਸ ਸੀਜ਼ਨ ਬੰਦ ਕੀਤਾ ਹੈ |
ਪਿਛਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਥਾਣਾ ਮੁਖੀਆਂ ਦੇ ਹੋਏ ਤਬਾਦਲੇ ਅਗਲੀ ਖ਼ਬਰ ਚਿੱਟੇ ਦਾ ਨਸ਼ਾ ਕਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।