ਫ਼ਾਜ਼ਿਲਕਾ, 11 ਮਈ (ਦਵਿੰਦਰ ਪਾਲ ਸਿੰਘ)-ਭਾਰਤ ਵਿਕਾਸ ਪਰਿਸ਼ਦ ਫ਼ਾਜ਼ਿਲਕਾ ਵਲੋਂ ਪੂਨਮ ਝਾਂਬ ਧਰਮ ਪਤਨੀ ਸੁਸ਼ੀਲ ਝਾਂਬ (ਨੂੰਹ ਸਵ. ਨਿਰਮਲਾ ਝਾਂਬ ਅਤੇ ਸਵ. ਸ੍ਰੀ ਪ੍ਰੇਮ ਸਾਗਰ ਝਾਂਬ) ਦੀ ਯਾਦ 'ਚ 7ਵਾਂ ਮੁਫ਼ਤ ਬਨਾਵਟੀ ਅੰਗ ਸਹਾਇਤਾ ਕੈਂਪ ਸਫਲਤਾਪੂਰਵਕ ਸੰਪੰਨ ਹੋਇਆ | ਸ੍ਰੀ ਦੁਰਗਿਆਣਾ ਮੰਦਰ ਵਿਖੇ ਲਗਾਏ ਗਏ ਇਸ ਕੈਂਪ 'ਚ ਪ੍ਰੀਸ਼ਦ ਅਤੇ ਦਾਨੀ ਪਰਿਵਾਰ ਦੇ ਸਾਂਝੇ ਯਤਨਾਂ ਸਦਕਾ 80 ਲੋੜਵੰਦਾਂ ਦੀ ਚੋਣ ਬਨਾਵਟੀ ਅੰਗਾਂ ਅਤੇ ਸੁਣਨ ਵਾਲੀਆਂ ਮਸ਼ੀਨਾਂ ਲਈ ਕੀਤੀ ਗਈ | ਕੈਂਪ ਦੀ ਸ਼ੁਰੂਆਤ ਦਾਨੀ ਪਰਿਵਾਰ ਦੇ ਮੈਂਬਰਾਂ ਸਮੇਤ ਸ੍ਰੀ ਦੁਰਗਿਆਣਾ ਮੰਦਰ ਕਮੇਟੀ ਦੇ ਪ੍ਰਧਾਨ ਸੁਭਾਸ਼ ਚਲਾਨਾ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਸਚਦੇਵਾ ਗੋਲਡੀ, ਸ੍ਰੀ ਅਰੋੜਵੰਸ਼ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਰੁਣ ਵਧਵਾ ਅਤੇ ਜਵਾਲਾ ਬਾਈ ਨੱਥੂ ਰਾਮ ਚੈਰੀਟੇਬਲ ਟਰੱਸਟ ਤੋਂ ਵਿਕਰਮ ਅਹੂਜਾ ਨੇ ਕਰਵਾਈ | ਮੰਦਰ ਦੇ ਮੁੱਖ ਪੁਜਾਰੀ ਸੁਰਿੰਦਰ ਭਾਰਦਵਾਜ ਨੇ ਕੈਂਪ ਦੀ ਸਫਲਤਾ ਲਈ ਅਰਦਾਸ ਕੀਤੀ | ਪ੍ਰੀਸ਼ਦ ਦੇ ਪ੍ਰਧਾਨ ਅਜੈ ਗੁਪਤਾ ਅਤੇ ਸਕੱਤਰ ਅਸੀਮ ਮਿੱਤਲ ਨੇ ਦੱਸਿਆ ਕਿ ਕੈਂਪ ਵਿਚ ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਟਰੱਸਟ ਲੁਧਿਆਣਾ ਦੇ ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦੀ ਜਾਂਚ ਕੀਤੀ | ਇਸ ਦੇ ਨਾਲ ਹੀ ਸਿਵਲ ਹਸਪਤਾਲ ਫ਼ਾਜ਼ਿਲਕਾ ਤੋਂ ਡਾ. ਆਸ਼ਿਮਾ ਸੇਠੀ ਨੇ ਸੁਣਨ ਦੀ ਸ਼ਕਤੀ ਤੋਂ ਵਾਂਝੇ ਮਰੀਜ਼ਾਂ ਦੀ ਜਾਂਚ ਕਰਕੇ ਸੇਵਾਵਾਂ ਦਿੱਤੀਆਂ | ਕੈਂਪ ਦੌਰਾਨ ਲੋੜਵੰਦਾਂ ਨੂੰ ਬਨਾਵਟੀ ਲੱਤਾਂ, ਬਾਂਹਾਂ, ਕੈਲੀਪਰ, ਟਰਾਈ ਸਾਈਕਲ ਅਤੇ ਵਾਕਰ ਆਦਿ ਦੇਣ ਲਈ ਨਾਪ ਲਏ ਗਏ | ਜ਼ਿਲ੍ਹਾ ਕੋਆਰਡੀਨੇਟਰ ਸ਼ਿਆਮ ਸੁੰਦਰ ਪੇੜੀਵਾਲ ਅਤੇ ਰਾਜਨ ਸਿੰਗਲਾ ਨੇ ਦੱਸਿਆ ਕਿ ਜਿਨ੍ਹਾਂ ਮਰੀਜ਼ਾਂ ਦੇ ਨਾਪ ਲਏ ਗਏ ਹਨ, ਉਨ੍ਹਾਂ ਨੂੰ ਐਤਵਾਰ 24 ਮਈ ਨੂੰ ਇਸੇ ਸਥਾਨ 'ਤੇ ਸਾਮਾਨ ਵੰਡਿਆ ਜਾਵੇਗਾ | ਪਰਿਸ਼ਦ ਵਲੋਂ ਕੈਂਪ ਵਿਚ ਸਹਿਯੋਗ ਦੇਣ ਵਾਲੇ ਝਾਂਬ ਪਰਿਵਾਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਾਘਵ ਸਚਦੇਵਾ, ਅਸ਼ਵਨੀ ਅਹੂਜਾ, ਨਵਦੀਪ ਅਹੂਜਾ, ਸਤਿੰਦਰ ਪੁਪਨੇਜਾ, ਡਾ. ਕੁਨਾਲ ਕੀਰਤੀ ਮਲਿਕ ਅਤੇ ਹੋਰ ਮੈਂਬਰਾਂ ਨੇ ਨਿਸ਼ਕਾਮ ਸੇਵਾਵਾਂ ਨਿਭਾਈਆਂ |