ਜਲਾਲਾਬਾਦ, 17 ਮਈ (ਕਰਨ ਚੁਚਰਾ)-ਕਿਰਤੀ ਕਿਸਾਨ ਯੂਨੀਅਨ ਦੇ ਇਕਾਈ ਪ੍ਰਧਾਨ ਅਜੀਤ ਸਿੰਘ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਸਰਪੰਚ ਰਾਜਾ ਬਰਾੜ, ਚਮਕੌਰ ਸਿੰਘ ਅਤੇ ਮਰਹੂਮ ਕੁਲਵਿੰਦਰ ਸਿੰਘ ਦੇ 88 ਸਾਲਾ ਸਤਿਕਾਰਯੋਗ ਪਿਤਾ ਦਰਬਾਰਾ ਸਿੰਘ ਵਾਸੀ ਪਿੰਡ ਝੁੱਗੀਆਂ ਨੰਦ ਸਿੰਘ ਵਾਲਾ ਪਿਛਲੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਦੇ ਸਮੁੱਚੇ ਪਰਿਵਾਰ ਵਲੋਂ ਵਾਤਾਵਰਨ ਦੀ ਸੰਭਾਲ ਅਤੇ ਰੂੜ੍ਹੀਵਾਦੀ ਰੀਤੀ-ਰਿਵਾਜਾਂ ਨੂੰ ਤਿਆਗਦਿਆਂ ਇਕ ਬਹੁਤ ਹੀ ਹਾਂ-ਪੱਖੀ ਅਤੇ ਸ਼ਲਾਘਾਯੋਗ ਪਹਿਲਕਦਮੀ ਕੀਤੀ ਗਈ | ਪਰਿਵਾਰ ਨੇ ਬਜ਼ੁਰਗ ਦੇ ਫ਼ੁਲ (ਅਸਥੀਆਂ) ਚੁਗਣ ਉਪਰੰਤ ਉਨ੍ਹਾਂ ਨੂੰ ਨਹਿਰ ਵਿਚ ਪ੍ਰਵਾਹਿਤ ਕਰਨ ਦੀ ਬਜਾਏ, ਆਪਣੇ ਖੇਤ ਵਿਚ ਹੀ ਦੱਬ ਦਿੱਤਾ ਅਤੇ ਉਸ ਦੇ ਉੱਪਰ ਇਕ ਫਲਦਾਰ ਬੂਟਾ ਲਗਾ ਕੇ ਸਮਾਜ ਨੂੰ ਇਕ ਨਵਾਂ ਉਸਾਰੂ ਸੁਨੇਹਾ ਦਿੱਤਾ | ਇਸ ਮੌਕੇ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਹਰਮੀਤ ਸਿੰਘ ਝੁੱਗੀਆਂ ਨੇ ਕਿਹਾ ਕਿ ਪਰਿਵਾਰ ਦੀ ਇਹ ਪਹਿਲਕਦਮੀ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ | ਉਨ੍ਹਾਂ ਕਿਹਾ ਕਿ ਪੁਰਾਤਨ ਰੀਤੀ-ਰਿਵਾਜਾਂ ਮੁਤਾਬਿਕ ਅਸਥੀਆਂ ਨੂੰ ਨਹਿਰਾਂ ਦੇ ਪਾਣੀ ਵਿਚ ਵਹਾਉਣ ਨਾਲ ਪਾਣੀ ਪਲੀਤ ਹੋ ਰਿਹਾ ਹੈ | ਇਸ ਤੋਂ ਇਲਾਵਾ ਦੂਰ-ਦੁਰਾਡੇ ਅਸਥੀਆਂ ਜਲ ਪ੍ਰਵਾਹ ਕਰਨ ਜਾਣ ਕਾਰਨ ਸੜਕਾਂ 'ਤੇ ਭੀੜ ਵਧਦੀ ਹੈ ਅਤੇ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ | ਉਨ੍ਹਾਂ ਵਿਗਿਆਨਕ ਪੱਖ ਰੱਖਦਿਆਂ ਦੱਸਿਆ ਕਿ ਰੁੱਖਾਂ ਦੀ ਲਗਾਤਾਰ ਹੋ ਰਹੀ ਘਾਟ ਕਾਰਨ ਜੰਗਲਾਤ ਹੇਠ ਰਕਬਾ ਘੱਟ ਰਿਹਾ ਹੈ, ਜਿਸ ਕਾਰਨ ਆਲਮੀ ਤਪਸ਼ ਵਧ ਰਹੀ ਹੈ, ਓਜ਼ੋਨ ਪਰਤ ਵਿਚ ਛੇਕ ਹੋ ਰਹੇ ਹਨ ਅਤੇ ਹੜ੍ਹਾਂ ਵਰਗੀਆਂ ਭਿਆਨਕ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਸਾਡੇ ਭਵਿੱਖ ਲਈ ਵੱਡਾ ਖ਼ਤਰਾ ਹਨ | ਅਜਿਹੇ ਦੌਰ ਵਿਚ ਇਸ ਪਰਿਵਾਰ ਵਲੋਂ ਪਾਈ ਗਈ ਨਵੀਂ ਪਿਰਤ ਅਤੇ ਫਲਦਾਰ ਬੂਟਾ ਲਗਾ ਕੇ ਆਪਣੇ ਬਜ਼ੁਰਗਾਂ ਦੀ ਯਾਦ ਨੂੰ ਸਤਿਕਾਰ ਦੇਣਾ ਸਮਾਜ ਲਈ ਇੱਕ ਬਿਹਤਰੀਨ ਮਿਸਾਲ ਸਾਬਤ ਹੋਵੇਗਾ |