ਫ਼ਾਜ਼ਿਲਕਾ, 17 ਮਈ (ਅਮਰਜੀਤ ਸ਼ਰਮਾ)-ਸ਼ਹਿਰ ਦੇ ਸਾਰੇ 25 ਵਾਰਡਾਂ 'ਚ ਸਭ ਤੋਂ ਪਹਿਲਾ ਭਾਜਪਾ ਦੇ ਉਮੀਦਵਾਰ ਖੜ੍ਹੇ ਕਰਨ ਤੋਂ ਬਾਅਦ ਅੱਜ ਭਾਜਪਾ ਵਲੋਂ 16 ਸੂਤਰੀ ਸੰਕਲਪ ਪੱਤਰ ਜਾਰੀ ਕੀਤਾ ਗਿਆ | ਜਿਸ ਦੇ ਤਹਿਤ ਨਗਰ ਕੌਂਸਲ 'ਚ ਭਾਜਪਾ ਦਾ ਬੋਰਡ ਬਣਨ ਤੋਂ ਬਾਅਦ ਸ਼ਹਿਰ ਦੇ ਅੰਦਰ ਵਿਕਾਸ ਕੀਤਾ ਜਾਵੇਗਾ | ਇਸ ਮੌਕੇ ਭਾਜਪਾ ਦੇ ਸਾਬਕਾ ਸਿਹਤ ਮੰਤਰੀ ਅਤੇ ਸਾਬਕਾ ਵਿਧਾਇਕ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪਾਰਟੀ ਦੇ ਵਰਕਰਾਂ ਦੀਆਂ ਹਰ ਵਾਰਡਾਂ ਵਿਚ ਡਿਊਟੀਆਂ ਲਗਾਈਆਂ ਗਈਆਂ ਹਨ | ਸ੍ਰੀ ਜਿਆਣੀ ਨੇ ਕਿਹਾ ਕਿ ਕਿਸੇ ਵੀ ਉਮੀਦਵਾਰ ਨੂੰ ਘਬਰਾਉਣ ਦੀ ਲੋੜ ਨਹੀਂ, ਸ਼ਹਿਰ ਦੀ ਜਨਤਾ ਪੂਰੀ ਤਰ੍ਹਾਂ ਭਾਜਪਾ ਨਾਲ ਹੈ | ਕਿਉਂਕਿ ਲੋਕਾਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੋਹ ਭੰਗ ਹੋ ਚੁੱਕਿਆ ਹੈ | ਜਿਸ ਨੂੰ ਚੱਲਦਾ ਕਰਨ ਲਈ ਲੋਕ ਉਤਾਵਲੇ ਹਨ | ਚੌਧਰੀ ਜਿਆਣੀ ਨੇ ਕਿਹਾ ਕਿ ਸੂਬੇ ਅੰਦਰ ਜੰਗਲ ਰਾਜ ਚੱਲ ਰਿਹਾ ਹੈ | ਆਪ ਸਰਕਾਰ ਦੇ ਮੰਤਰੀ ਆਪਣੀਆਂ ਜੇਬਾਂ ਭਰਨ 'ਤੇ ਲੱਗੇ ਹੋਏ ਹਨ | ਸ਼ਹਿਰ ਅੰਦਰ ਆਮ ਆਦਮੀ ਪਾਰਟੀ ਵਲੋਂ ਕਰਵਾਏ ਗਏ ਵਿਕਾਸ ਬਾਰੇ ਉਨ੍ਹਾਂ ਕਿਹਾ ਕਿ ਸਾਢੇ 4 ਸਾਲਾਂ ਵਿਚ ਸੂਬਾ ਸਰਕਾਰ ਨੇ ਇਕ ਰੁਪਈਆ ਵੀ ਨਗਰ ਕੌਂਸਲ ਨੂੰ ਨਹੀਂ ਦਿੱਤਾ | ਜੋ ਵੀ ਥੋੜ੍ਹਾ ਬਹੁਤ ਵਿਕਾਸ ਹੋਇਆ ਹੈ ਉਹ ਨਗਰ ਕੌਂਸਲ ਦੀ ਆਪਣੀ ਆਮਦਨੀ ਨਾਲ ਹੋਇਆ ਹੈ | ਇਸ ਮੌਕੇ ਸ੍ਰੀ ਜਿਆਣੀ ਨੇ ਕਿਹਾ ਕਿ ਨਗਰ ਕੌਂਸਲ ਦੀਆਂ ਚੋਣਾਂ ਤੋਂ ਬਾਅਦ ਫ਼ਾਜ਼ਿਲਕਾ ਅੰਦਰ ਮੈਡੀਕਲ ਕਾਲਜ ਬਣਾਉਣ ਦਾ ਨੀਂਹ ਪੱਥਰ ਜਲਦ ਰੱਖਿਆ ਜਾਵੇਗਾ | ਜਿਸ ਸਬੰਧੀ ਕੇਂਦਰੀ ਸਿਹਤ ਮੰਤਰੀ ਜੇ.ਪੀ.ਨੱਢਾ ਨਾਲ ਗੱਲਬਾਤ ਹੋ ਚੁੱਕੀ ਹੈ | ਇਸ ਮੌਕੇ ਸੂਬਾ ਆਗੂ ਰੰਜ਼ਮ ਕਾਮਰਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਢੇ 4 ਸਾਲਾਂ ਵਿਚ ਸੂਬੇ ਦਾ ਬੂਰਾ ਹਾਲ ਕਰ ਦਿੱਤਾ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਵੀ ਭਾਜਪਾ ਦੀ ਸਰਕਾਰ ਬਣਨੀ ਤੈਅ ਹੈ | ਜੇ ਨਗਰ ਕੌਂਸਲ 'ਚ ਭਾਜਪਾ ਦਾ ਬੋਰਡ ਬਣਦਾ ਹੈ ਤਾਂ ਭਾਜਪਾ ਦਾ ਇਕੋ ਇਕ ਏਜੰਡਾ ਸ਼ਹਿਰ ਦਾ ਵਿਕਾਸ ਕਰਨਾ ਹੋਵੇਗਾ | ਇਸ ਮੌਕੇ ਸੁਬੋਧ ਵਰਮਾ ਨੇ ਸੰਕਲਪ ਪੱਤਰ ਪੜ੍ਹਦਿਆਂ ਭਾਜਪਾ ਵਲੋਂ ਕਰਵਾਏ ਜਾਣ ਵਾਲੇ ਕੰਮਾਂ ਬਾਰੇ ਦੱਸਿਆ | ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਕੇਸ਼ ਧੂੜੀਆ ਨੇ ਕਿਹਾ ਕਿ ਹਰ ਵਾਰਡ 'ਚ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਅਤੇ ਚੋਣਾਂ ਨੂੰ ਚੰਗੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਭਾਜਪਾ ਦੇ ਸੀਨੀਅਰ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ | ਜੋ ਵਾਰਡ ਵਾਈਜ਼ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਦਿਨ ਰਾਤ ਜੰਗੀ ਪੱਧਰ 'ਤੇ ਕੰਮ ਕਰਨਗੇ | ਇਸ ਮੌਕੇ ਵਿਸ਼ਨੂੰ ਭਗਵਾਨ ਡੇਲੂ, ਸ੍ਰੀਮਤੀ ਨਿਰਮਲਾ ਜਿਆਣੀ, ਅਸ਼ੋਕ ਜੈਰਥ, ਐਡਵੋਕੇਟ ਮਹਿੰਦਰ ਪ੍ਰਤਾਪ ਢੀਗੜਾ, ਰਾਕੇਸ਼ ਸਹਿਗਲ, ਅਸ਼ਵਨੀ ਫੁਟੇਲਾ, ਮੀਨੂੰ ਪ੍ਰਣਾਮੀ, ਅਰੁਣ ਵਧਵਾ, ਸੁਰਿੰਦਰ ਸਿੰਘ ਘੋਗਾ, ਖ਼ੁਸ਼ਹਾਲ ਗਾਗਨਕੇ, ਅਸ਼ੋਕ ਨਾਗਵੰਸ਼ੀ, ਮਨੋਜ ਝੀਝਾ, ਡਾ.ਰਾਕੇਸ਼ ਗੁਪਤਾ, ਡਾ.ਵਿਨੋਦ ਜਾਂਗਿੜ, ਐਡਵੋਕੇਟ ਬੰਟੂ ਮੈਣੀ, ਸੁਨੀਲ ਧੂੜੀਆ, ਦੇਵਰਾਜ ਮੋਂਗਾ, ਡਾ. ਰਵੀ ਗਗਨੇਜਾ, ਅਨਿਲ ਭੂਰਾ, ਰਾਮੇਸ਼ ਕਟਾਰੀਆ, ਵਿਕੀ ਬਜਾਜ, ਤੇਜਿੰਦਰ ਨਾਮਧਾਰੀ ਆਦਿ ਆਗੂ ਅਤੇ ਵਰਕਰ ਹਾਜ਼ਰ ਸਨ |