30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਏਟਕ ਵਲੋਂ 19 ਮਈ ਨੂੰ ਮੁਹਾਲੀ ਰੈਲੀ 'ਚ ਉਸਾਰੀ ਕਿਰਤੀ ਵੱਡੀ ਗਿਣਤੀ ਵਿਚ ਕਰਨਗੇ ਸ਼ਮੂਲੀਅਤ-ਢਾਬਾਂ, ਧੁੰਨਕੀਆਂ

ਅਜੀਤ ਡੈਸਕ 18-05-2026
ਜਲਾਲਾਬਾਦ, 17 ਮਈ (ਕਰਨ ਚੁਚਰਾ)-ਪਿੰਡ ਚੱਕ ਅਰਾਈਆਂਵਾਲਾ (ਫਲੀਆਵਾਲਾ) ਦੇ ਗੁਰਦੁਆਰਾ ਸਾਹਿਬ ਵਿਖੇ ਕੰਸਟਰੱਕਸ਼ਨ ਵਰਕਰ ਐਂਡ ਲੇਬਰ ਯੂਨੀਅਨ (ਰਜਿ:) ਏਟਕ ਦੇ ਡਿਪਟੀ ਜਨਰਲ ਸਕੱਤਰ ਐਡਵੋਕੇਟ ਪਰਮਜੀਤ ਢਾਬਾਂ ਦੀ ਅਗਵਾਈ ਹੇਠ ਉਸਾਰੀ ਕਿਰਤੀ ਲਾਭਪਾਤਰੀਆਂ ਅਤੇ ਨੌਜਵਾਨਾਂ ਦੀ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਪੁੱਜੇ ਕਿਰਤੀ ਮਜ਼ਦੂਰਾਂ, ਨੌਜਵਾਨਾਂ ਅਤੇ ਅÏਰਤਾਂ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਢਾਬਾਂ ਨੇ ਕਿਰਤ ਵਿਭਾਗ ਦੇ 'ਪੰਜਾਬ ਬਿਲਡਿੰਗ ਐੰਡ ਅਦਰ ਉਸਾਰੀ ਕਿਰਤੀ ਭਲਾਈ ਬੋਰਡ' ਅਧੀਨ ਮਿਲਣ ਵਾਲੀਆਂ ਵੱਖ-ਵੱਖ ਭਲਾਈ ਸਕੀਮਾਂ, ਬੱਚਿਆਂ ਦੀ ਪੜ੍ਹਾਈ ਲਈ ਵਜ਼ੀਫ਼ੇ ਅਤੇ ਹੋਰ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮਜ਼ਦੂਰ ਨੂੰ ਸਹੂਲਤਾਂ ਲੈਣ ਵਿਚ ਕੋਈ ਦਿੱਕਤ ਆ ਰਹੀ ਹੈ ਤਾਂ ਉਹ ਜਲਾਲਾਬਾਦ ਸਥਿਤ ਦਫ਼ਤਰ ਵਿਖੇ ਸੰਪਰਕ ਕਰ ਸਕਦਾ ਹੈ | ਐਡਵੋਕੇਟ ਢਾਬਾਂ ਨੇ ਦੱਸਿਆ ਕਿ ਕਿਰਤੀਆਂ, ਕਾਮਿਆਂ ਅਤੇ ਮੁਲਾਜ਼ਮਾਂ ਦੇ ਹੱਕਾਂ ਦੀ ਪ੍ਰਾਪਤੀ, ਪੰਜਾਬ ਸਰਕਾਰ ਵਲੋਂ ਉਜ਼ਰਤਾਂ ਵਿਚ ਕੀਤੇ ਨਿਗੂਣੇ ਵਾਧੇ ਅਤੇ ਕੇਂਦਰ ਸਰਕਾਰ ਵਲੋਂ ਮਜ਼ਦੂਰਾਂ ਦੇ ਖ਼ਿਲਾਫ਼ ਜਾਰੀ ਕੀਤੇ 4 ਕਿਰਤ ਕਾਨੂੰਨਾਂ ਦੇ ਵਿਰੋਧ ਵਿਚ 'ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ' (ਏਟਕ) ਪੰਜਾਬ ਵਲੋਂ 19 ਮਈ ਨੂੰ ਮੁਹਾਲੀ ਵਿਖੇ ਕਿਰਤ ਭਵਨ ਸਾਹਮਣੇ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ | ਇਸ ਰੈਲੀ ਦੀਆਂ ਤਿਆਰੀਆਂ ਲਈ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ-ਪਿੰਡ ਵਿਚ ਮੀਟਿੰਗਾਂ ਕਰਕੇ ਲਾਮਬੰਦੀ ਕੀਤੀ ਜਾ ਰਹੀ ਹੈ | ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ. 31) ਦੇ ਸੂਬਾ ਪ੍ਰੈੱਸ ਸਕੱਤਰ ਸਤਨਾਮ ਸਿੰਘ ਫਲੀਆਵਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਸਮੇਂ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ, ਪਰ ਸਾਢੇ 4 ਸਾਲ ਬੀਤ ਜਾਣ ਦੇ ਬਾਵਜੂਦ ਵੀ ਇਹ ਵਾਅਦਾ ਵਫ਼ਾ ਨਹੀਂ ਹੋਇਆ | ਉਨ੍ਹਾਂ ਮੰਗ ਕੀਤੀ ਕਿ ਹਰ ਤਰ੍ਹਾਂ ਦੇ ਠੇਕਾ ਕਾਮਿਆਂ ਨੂੰ ਤੁਰੰਤ ਪੱਕਾ ਕੀਤਾ ਜਾਵੇ ਅਤੇ 15ਵੀਂ ਲੇਬਰ ਕਾਨਫ਼ਰੰਸ ਦੇ ਤਹਿਤ ਤਨਖ਼ਾਹਾਂ ਵਿਚ ਵਾਧਾ ਕੀਤਾ ਜਾਵੇ | ਯੂਨੀਅਨ ਦੇ ਜ਼ਿਲ੍ਹਾ ਸਕੱਤਰ ਸੋਨਾ ਧੁੰਨਕੀਆਂ ਨੇ ਪੰਜਾਬ ਸਰਕਾਰ ਵੱਲੋਂ ਉਜ਼ਰਤਾਂ ਵਿਚ ਕੀਤੇ 15 ਫ਼ੀਸਦੀ ਵਾਧੇ ਨੂੰ ਨਿਗੂਣਾ ਦੱਸਦਿਆਂ ਮੰਗ ਕੀਤੀ ਕਿ ਬਾਕੀ ਸੂਬਿਆਂ ਦੀ ਤਰ੍ਹਾਂ ਇੱਥੇ ਵੀ ਕਿਰਤੀਆਂ ਦੀ ਘੱਟੋ-ਘੱਟ ਮਾਸਿਕ ਉਜਰਤ 26,000 ਰੁਪਏ ਲਾਗੂ ਕੀਤੀ ਜਾਵੇ | ਉਨ੍ਹਾਂ ਸਮੂਹ ਉਸਾਰੀ ਕਿਰਤੀਆਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ 19 ਮਈ ਦੀ ਮੁਹਾਲੀ ਰੈਲੀ ਵਿਚ ਵੱਧ-ਚੜ੍ਹ ਕੇ ਪਹੁੰਚਣ ਦਾ ਸੱਦਾ ਦਿੱਤਾ | ਇਸ ਮੀਟਿੰਗ ਵਿਚ ਸਬਜ਼ੀ ਮੰਡੀ ਤੋਂ ਭਗਵਾਨ ਸਿੰਘ, ਗੁਰਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਰੇਖਾ, ਮਜ਼ਦੂਰ ਅਤੇ ਜਥੇਬੰਦੀ ਦੇ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਅਤੇ ਭਾਜਪਾ ਵਰਕਰਾਂ ਵਿਚ ਟਿਕਟ ਨਾ ਮਿਲਣ ਕਾਰਨ ਨਾਰਾਜ਼ਗੀ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਨੇਪਰੇ ਚਾੜ੍ਹਨ ਲਈ ਭਾਜਪਾ ਦੇ ਸੀਨੀਅਰ ਆਗੂਆਂ ਦੀਆਂ ਲਗਾਈਆਂ ਡਿਊਟੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।