ਅਬੋਹਰ, 19 ਮਈ (ਖ਼ਾਲਸਾ)-ਈ.ਟੀ.ਟੀ ਅਧਿਆਪਕ ਯੂਨੀਅਨ ਅਤੇ ਅਧਿਆਪਕ ਦਲ ਦੇ ਇਕ ਵਫਦ ਨੇ ਸਥਾਨਕ ਉਪ ਮੰਡਲ ਮੈਜਿਸਟਰੇਟ ਰਵਿੰਦਰ ਸਿੰਘ ਅਰੋੜਾ ਨਾਲ ਮੁਲਾਕਾਤ ਕਰਦੇ ਹੋਏ ਇਕ ਮੰਗ ਪੱਤਰ ਸੌਂਪਿਆ | ਅਧਿਆਪਕ ਵਰਗ ਨੇ ਅਧਿਆਪਕਾਂ ਦੀ ਜਨਗਣਨਾ ਅਤੇ ਚੋਣ ਡਿਊਟੀ ਦੋਨਾਂ ਵਿਚ ਹੀ ਡਿਊਟੀ ਲੱਗ ਜਾਣ ਨਾਲ ਆ ਰਹੀ ਪਰੇਸ਼ਾਨੀ ਤੋਂ ਉਪ ਮੰਡਲ ਮੈਜਿਸਟਰੇਟ ਨੂੰ ਜਾਣੂ ਕਰਵਾਉਂਦੇ ਹੋਏ ਹੱਲ ਕਰਨ ਦੀ ਮੰਗ ਕੀਤੀ | ਅਧਿਆਪਕ ਦਲ ਦੇ ਆਗੂ ਰਜਿੰਦਰ ਪਾਲ ਸਿੰਘ ਅਤੇ ਈ.ਟੀ.ਟੀ ਯੂਨੀਅਨ ਦੇ ਮੈਂਬਰ ਸਾਹਿਬ ਰਾਮ, ਸੁਨੀਲ ਵਰਮਾ ਨੇ ਦੱਸਿਆ ਕਿ ਜਨਗਣਨਾ ਦੇ ਮਹੱਤਵਪੂਰਨ ਕੰਮ ਵਿਚ ਪਹਿਲਾਂ ਤੋਂ ਹੀ ਤਣਾਅ ਝੱਲ ਰਹੇ ਕਰਮਚਾਰੀਆਂ ਨੂੰ ਨਗਰ ਨਿਗਮ ਚੋਣਾਂ ਦੀ ਜ਼ਿੰਮੇਵਾਰੀਆਂ ਤੋਂ ਪੂਰੀ ਤਰ੍ਹਾਂ ਮੁਕਤ ਕੀਤਾ ਜਾਣਾ ਚਾਹੀਦਾ ਹੈ | ਚੋਣਾਂ ਦੇ ਲਈ ਸਕੂਲਾਂ ਅਤੇ ਹੋਰ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਨੂੰ ਇਹ ਜ਼ਿੰਮੇਵਾਰੀ ਦੇਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਉਹ ਪੂਰੀ ਉਮੀਦ ਕਰਦੇ ਹਨ ਕਿ ਕਰਮਚਾਰੀਆਂ ਦੀਆਂ ਮੰਗਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਧਿਕਾਰੀ ਉਕਤ ਸਮੱਸਿਆਵਾਂ ਦਾ ਜਲਦ ਹੱਲ ਕਰਨਗੇ |