ਅਬੋਹਰ, 19 ਮਈ (ਸੁਖਜੀਤ ਸਿੰਘ ਬਰਾੜ)-ਸਿਵਲ ਸਰਜਨ ਡਾ.ਕਵਿਤਾ ਸਿੰਘ ਨੇ ਸਿਵਲ ਹਸਪਤਾਲ ਅਬੋਹਰ ਦਾ ਦੌਰਾ ਕੀਤਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਅਤੇ ਸਮੂਹ ਡਾਕਟਰਾਂ ਦੀ ਮੀਟਿੰਗ ਕੀਤੀ | ਇਸ ਮੌਕੇ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ.ਸੁਰੇਸ਼ ਕੰਬੋਜ ਨੇ ਉਨ੍ਹਾਂ ਨੂੰ ਹਸਪਤਾਲ ਵਿਚ ਪ੍ਰਦਾਨ ਕੀਤੀਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਦੀ ਵਿਸਤਰਿਤ ਜਾਣਕਾਰੀ ਦਿੱਤੀ | ਡਾ.ਕਵਿਤਾ ਸਿੰਘ ਨੇ ਹਦਾਇਤਾਂ ਦਿੱਤੀਆਂ ਕਿ ਵਧ ਰਹੀ ਗਰਮੀ ਨੂੰ ਮੁੱਖ ਰੱਖਦਿਆਂ ਹੀਟ ਸਟੋ੍ਰਕ ਦੇ ਮਰੀਜ਼ਾਂ ਲਈ ਹਸਪਤਾਲ ਵਿਚ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਅਤੇ ਲੋੜੀਂਦੀਆਂ ਦਵਾਈਆਂ ਦਾ ਸਟਾਕ ਰੱਖਿਆ ਜਾਵੇ | ਚੋਣਾਂ ਨੂੰ ਮੁੱਖ ਰੱਖਦੇ ਹੋਏ ਐਮਰਜੈਂਸੀ ਸੇਵਾਵਾਂ ਅਤੇ ਦਵਾਈਆਂ ਦਾ ਮੁਕੰਮਲ ਪ੍ਰਬੰਧ ਕਰਨ ਦੀਆਂ ਹਦਾਇਤਾਂ ਦਿੱਤੀਆਂ | ਇਸ ਮੌਕੇ ਡਾ.ਕਵਿਤਾ ਸਿੰਘ ਨੇ ਓ.ਪੀ.ਡੀ, ਐਮਰਜੈਂਸੀ ਸੇਵਾਵਾਂ, ਜੱਚਾ ਬੱਚਾ ਵਾਰਡ, ਫਾਰਮੇਸੀ, ਡਿਸਪੈਂਸਰੀਆਂ ਆਦਿ ਦਾ ਨਿਰੀਖਣ ਕੀਤਾ | ਉਨ੍ਹਾਂ ਵਲੋਂ ਹਸਪਤਾਲ ਦੇ ਐਮਰਜੈਂਸੀ ਮੈਡੀਕਲ ਸਟਾਫ਼ ਅਤੇ ਹੋਰ ਸਟਾਫ਼ ਨਾਲ ਮੀਟਿੰਗ ਦੌਰਾਨ, ਉਨ੍ਹਾਂ ਨੂੰ ਆਪਣੇ ਕੰਮ ਵਿਚ ਹੋਰ ਸੁਧਾਰ ਲਿਆਉਣ ਦੀ ਹਦਾਇਤਾਂ ਕੀਤੀਆਂ | ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਆਉਣ ਵਾਲੇ ਲੋਕਾਂ ਅਤੇ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆਉਣ ਦਿੱਤੀ ਜਾਵੇ | ਮੈਡੀਕਲ ਲੀਗਲ ਰਿਪੋਰਟਾਂ ਨੂੰ ਸਮੇਂ ਸਿਰ ਆਨਲਾਈਨ ਕਰਨਾ, ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਆਦਿ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ | ਉਨ੍ਹਾਂ ਨੇ ਹਸਪਤਾਲ ਦੀ ਸਫ਼ਾਈ ਤੋਂ ਸੰਤੁਸ਼ਟਤਾ ਪ੍ਰਗਟਾਈ ਅਤੇ ਸਫ਼ਾਈ ਨੂੰ ਹੋਰ ਤਵੱਜੋ ਦੇਣ ਦੀਆਂ ਹਦਾਇਤਾਂ ਦਿੱਤੀਆਂ | ਉਨ੍ਹਾਂ ਨੇ ਹਸਪਤਾਲ ਦੇ ਕੰਮ ਦੀ ਗੁਣਵੱਤਾ ਵਿਚ ਸੁਧਾਰ, ਲੋਕਾਂ ਨਾਲ ਚੰਗਾ ਵਤੀਰਾ ਰੱਖਣ ਆਦਿ 'ਤੇ ਧਿਆਨ ਕੇਂਦਰਿਤ ਕਰਨ ਬਾਰੇ ਹਦਾਇਤ ਕੀਤੀ | ਇਸ ਮੌਕੇ ਹੱਡੀਆਂ ਦੇ ਮਾਹਿਰ ਡਾ. ਸਨਮਾਨ ਮਾਂਜੀ, ਜਨਰਲ ਸਰਜਨ ਡਾ. ਗਗਨਦੀਪ ਸਿੰਘ, ਮਾਨਸਿਕ ਰੋਗਾਂ ਦੇ ਮਾਹਿਰ ਡਾ. ਮਹੇਸ਼ ਕੁਮਾਰ, ਡਾ ਸੁਬੀਨ ਇੰਦਰ ਕੌਰ, ਡਾ ਸਵਪਨਿਲ, ਡਾ ਦੀਕਸ਼ੀ ਬੱਬਰ, ਐਮਰਜੈਂਸੀ ਮੈਡੀਕਲ ਅਫ਼ਸਰ, ਮਾਸ ਮੀਡੀਆ ਤੋਂ ਵਿਨੋਦ ਖੁਰਾਨਾ ਮਨਬੀਰ ਸਿੰਘ, ਦਿਵੇਸ਼ ਕੁਮਾਰ, ਰੇਡੀਓਗ੍ਰਾਫਰ ਗੋਕੁਲ, ਅਤਿੰਦਰ ਪਾਲ ਸਿੰਘ ਆਦਿ ਮੌਜੂਦ ਸਨ |