ਫ਼ਾਜ਼ਿਲਕਾ, 19 ਮਈ (ਦਵਿੰਦਰ ਪਾਲ ਸਿੰਘ)-ਨਗਰ ਕੌਂਸਲ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਹਲਕਾ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਖ਼ੁਦ ਕਮਾਨ ਸੰਭਾਲ ਲਈ ਹੈ | ਵਿਧਾਇਕ ਸਵਨਾ ਵਲੋਂ ਰੋਜ਼ਾਨਾ ਸਵੇਰੇ ਘਰ-ਘਰ ਜਾ ਕੇ ਅਤੇ ਸ਼ਾਮ ਨੂੰ ਚੋਣ ਸਭਾਵਾਂ ਨੂੰ ਸੰਬੋਧਨ ਕਰਕੇ ਪਾਰਟੀ ਉਮੀਦਵਾਰਾਂ ਲਈ ਵੋਟਾਂ ਮੰਗੀਆਂ ਜਾ ਰਹੀਆਂ ਹਨ | ਇਸੇ ਮੁਹਿੰਮ ਤਹਿਤ ਉਨ੍ਹਾਂ ਨੇ ਵਾਰਡ ਨੰਬਰ 18 ਤੋਂ 'ਆਪ' ਉਮੀਦਵਾਰ ਸੋਮਾ ਰਾਣੀ ਅਤੇ ਵਾਰਡ ਨੰਬਰ 19 ਤੋਂ ਉਮੀਦਵਾਰ ਭਗਵਾਨ ਸਿੰਘ ਉਰਫ਼ ਬੱਬੂ ਦੇ ਹੱਕ ਵਿਚ ਭਾਰੀ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ | ਚੋਣ ਪ੍ਰਚਾਰ ਦੌਰਾਨ ਵਾਰਡ ਨੰਬਰ 18 ਦੀ ਕਾਂਸ਼ੀ ਰਾਮ ਕਾਲੋਨੀ ਵਿਖੇ ਉਮੀਦਵਾਰ ਸੋਮਾ ਰਾਣੀ ਦੇ ਪੱਖ ਵਿਚ ਰੱਖੀ ਜਨ ਸਭਾ ਵਿਚ ਇਕੱਠ ਦੇਖ ਕੇ ਵਿਧਾਇਕ ਸਵਨਾ ਕਾਫ਼ੀ ਉਤਸ਼ਾਹਿਤ ਨਜ਼ਰ ਆਏ | ਉਨ੍ਹਾਂ ਕਿਹਾ ਕਿ ਲੋਕਾਂ ਦੀ ਭਾਰੀ ਮੌਜੂਦਗੀ ਸਿੱਧ ਕਰਦੀ ਹੈ ਕਿ ਉਹ 'ਆਪ' ਉਮੀਦਵਾਰ ਵਲੋਂ ਕਰਵਾਏ ਜਾ ਰਹੇ ਜਨਹਿਤ ਕਾਰਜਾਂ ਤੋਂ ਬੇਹੱਦ ਖ਼ੁਸ਼ ਹਨ | ਜੇਕਰ ਵਾਰਡ ਵਾਸੀ ਸੋਮਾ ਰਾਣੀ ਨੂੰ ਕੌਂਸਲਰ ਬਣਾਉਂਦੇ ਹਨ, ਤਾਂ ਉਹ ਹੋਰ ਵੀ ਵਧੇਰੇ ਉਤਸ਼ਾਹ ਨਾਲ ਇਲਾਕੇ ਦੀ ਸੇਵਾ ਕਰ ਸਕਣਗੇ | ਇਸੇ ਤਰ੍ਹਾਂ ਵਾਰਡ ਨੰਬਰ 19 ਵਿਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਵਿਧਾਇਕ ਸਵਨਾ ਨੇ ਵਿਰੋਧੀ ਧਿਰ 'ਤੇ ਤਿੱਖੇ ਸਿਆਸੀ ਵਾਰ ਕੀਤੇ | ਉਨ੍ਹਾਂ ਕਿਹਾ ਕਿ 'ਆਪ' ਉਮੀਦਵਾਰ ਭਗਵਾਨ ਸਿੰਘ ਨੇ ਲੰਮਾ ਸਮਾਂ ਭਾਜਪਾ ਵਰਕਰ ਵਜੋਂ ਸੇਵਾ ਕੀਤੀ, ਪਰ ਉੱਥੇ ਉਨ੍ਹਾਂ ਨੂੰ ਕਦੇ ਅੱਗੇ ਆਉਣ ਦਾ ਮੌਕਾ ਨਹੀਂ ਦਿੱਤਾ ਗਿਆ | ਹੁਣ ਜਦੋਂ ਉਹ 'ਆਪ' ਵਿਚ ਸ਼ਾਮਲ ਹੋਏ ਅਤੇ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦਿੱਤੀ ਤਾਂ ਭਾਜਪਾ ਆਗੂ ਬੌਖਲਾ ਗਏ ਹਨ | ਉਨ੍ਹਾਂ ਦੋਸ਼ ਲਾਇਆ ਕਿ ਸਾਬਕਾ ਵਿਧਾਇਕ ਸੁਰਜੀਤ ਕੁਮਾਰ ਜਿਆਣੀ ਸਟੇਜਾਂ ਤੋਂ ਧਮਕੀ ਭਰੀ ਭਾਸ਼ਾ ਦੀ ਵਰਤੋਂ ਕਰ ਰਹੇ ਹਨ | ਸਵਨਾ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਅਜਿਹੀ ਭਾਸ਼ਾ ਦਾ ਜਵਾਬ ਦੇਣਾ ਉਨ੍ਹਾਂ ਨੂੰ ਵੀ ਚੰਗੀ ਤਰ੍ਹਾਂ ਆਉਂਦਾ ਹੈ ਅਤੇ ਉਹ ਭਾਜਪਾ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ | ਉਨ੍ਹਾਂ ਕਿਹਾ ਕਿ ਭਾਜਪਾ ਦੇ ਹੰਕਾਰ ਨੂੰ ਤੋੜਨ ਦਾ ਫ਼ੈਸਲਾ ਉਨ੍ਹਾਂ ਨੇ ਵੋਟਰਾਂ 'ਤੇ ਛੱਡ ਦਿੱਤਾ ਹੈ, ਜੋ ਚੋਣਾਂ ਵਿਚ ਭਾਜਪਾ ਉਮੀਦਵਾਰਾਂ ਨੂੰ ਕਰਾਰੀ ਹਾਰ ਦੇਣਗੇ | ਵਿਧਾਇਕ ਸਵਨਾ ਨੇ 'ਆਪ' ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਉਂਦਿਆਂ ਕਿਹਾ ਕਿ ਮੁਫ਼ਤ ਬਿਜਲੀ, ਅÏਰਤਾਂ ਨੂੰ 1-1 ਹਜ਼ਾਰ ਅਤੇ 15-15 ਸੌ ਰੁਪਏ ਮਹੀਨਾ ਭੱਤਾ, 10 ਲੱਖ ਰੁਪਏ ਤੱਕ ਦੀ ਸਿਹਤ ਬੀਮਾ ਸੁਵਿਧਾ, ਸਕੂਲ ਆਫ਼ ਐਮੀਨੈਂਸ ਅਤੇ ਸਮਾਰਟ ਸਕੂਲਾਂ ਦਾ ਨਿਰਮਾਣ, ਭਿ੍ਸ਼ਟਾਚਾਰ ਖ਼ਿਲਾਫ਼ ਮੁਹਿੰਮ ਤਹਿਤ ਦੋਸ਼ੀਆਂ ਨੂੰ ਜੇਲ੍ਹ ਭੇਜਣਾ ਅਤੇ 60 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਬਿਨਾਂ ਰਿਸ਼ਵਤ ਤੇ ਸਿਫ਼ਾਰਸ਼ ਦੇ ਮੈਰਿਟ ਆਧਾਰ 'ਤੇ ਨੌਕਰੀਆਂ ਦੇਣਾ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ | ਉਨ੍ਹਾਂ ਵਾਰਡ ਵਾਸੀਆਂ ਨੂੰ ਸ਼ਹਿਰੀ ਵਿਕਾਸ ਨੂੰ ਹੋਰ ਮਜ਼ਬੂਤ ਕਰਨ ਲਈ 'ਆਪ' ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ |