ਸਾਂਸਦ ਘੁਬਾਇਆ, ਸਾਬਕਾ ਵਿਧਾਇਕ ਘੁਬਾਇਆ ਨੇ ਸ਼ਹਿਰ ਦੇ ਵਾਰਡ ਨੰਬਰ 4 ਤੋਂ ਪਾਰਟੀ ਉਮੀਦਵਾਰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ
ਅਜੀਤ ਡੈਸਕ
20-05-2026
ਫ਼ਾਜ਼ਿਲਕਾ, 19 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਨਗਰ ਕੌਂਸਲ ਦੀਆ ਚੋਣਾਂ ਨੂੰ ਲੈ ਕੇ ਵਾਰਡ ਨੰਬਰ 4 ਅੰਦਰ ਕਾਂਗਰਸ ਪਾਰਟੀ ਦੀ ਉਮੀਦਵਾਰ ਸ੍ਰੀਮਤੀ ਵੀਨਾ ਰਾਣੀ ਕਾਲੜਾ ਦੇ ਚੋਣ ਦਫ਼ਤਰ ਦਾ ਉਦਘਾਟਨ ਹੋਣ ਪਿੱਛੋਂ ਉਨ੍ਹਾਂ ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ | ਚੋਣ ਦਫ਼ਤਰ ਦੇ ਉਦਘਾਟਨ ਮੌਕੇ ਭਾਰੀ ਤਾਦਾਦ ਅੰਦਰ ਉਨ੍ਹਾਂ ਦੇ ਵਾਰਡ ਵਾਸੀਆਂ ਤੋਂ ਇਲਾਵਾ ਸਾਂਸਦ ਸ਼ੇਰ ਸਿੰਘ ਘੁਬਾਇਆ ਅਤੇ ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵਿਸ਼ੇਸ਼ ਤੌਰ 'ਤੇ ਪੁੱਜੇ | ਇਸ ਮੌਕੇ 'ਤੇ ਸ੍ਰੀਮਤੀ ਵੀਨਾ ਰਾਣੀ ਕਾਲੜਾ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਪਹਿਲਾਂ ਲੜੀਵਾਰ 7 ਵਾਰ ਨਗਰ ਕੌਂਸਲ ਦਾ ਮੈਂਬਰ ਰਹਿ ਚੁੱਕਿਆ ਹੈ | ਹੁਣ ਪਾਰਟੀ ਨੇ ਫਿਰ ਦੁਬਾਰਾ ਉਨ੍ਹਾਂ ਨੂੰ ਟਿਕਟ ਦੇ ਕੇ ਮਾਣ ਦਿੱਤਾ ਹੈ ਉਹ ਵਾਰਡ ਵਾਸੀਆਂ ਦੇ ਆਸ਼ੀਰਵਾਦ ਨਾਲ ਪੂਰਾ ਹੋਵੇਗਾ |
ਇਸ ਮੌਕੇ 'ਤੇ ਸ. ਘੁਬਾਇਆ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕ-ਹਿਤ ਦੇ ਮੁੱਦਿਆਂ ਨੂੰ ਲੈ ਕੇ ਇਨ੍ਹਾਂ ਚੋਣਾਂ ਵਿਚ ਨਿੱਤਰੀ ਹੈ | ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਅੰਦਰ ਅਮਨ ਕਾਨੂੰਨ ਦੀ ਸਥਿਤੀ ਦਾ ਜਨਾਜ਼ਾ ਨਿਕਲ ਚੁੱਕਿਆ ਹੈ, ਇਸ ਸਰਕਾਰ ਨੇ ਵਿਕਾਸ ਦਾ ਕੋਈ ਕੰਮ ਨਹੀਂ ਕੀਤਾ, ਲੋਕ ਇਸ ਸਰਕਾਰ ਤੋਂ ਦੁਖੀ ਹਨ | ਉਨ੍ਹਾਂ ਭਾਜਪਾ 'ਤੇ ਦੋਸ਼ ਲਗਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਫ਼ਾਜ਼ਿਲਕਾ ਨਗਰ ਕੌਂਸਲ 'ਤੇ ਲਗਾਤਾਰ ਦੂਸਰੀ ਵਾਰ ਕਾਂਗਰਸ ਦਾ ਬੋਰਡ ਬਣੇਗਾ | ਇਸ ਮੌਕੇ 'ਤੇ ਸਵਦੇਸ਼ੀ ਲਾਲ ਪੁਜਾਰਾ, ਲਵਲੀ ਕਾਠਪਾਲ, ਅਮਨ ਦੁਰੇਜਾ ਆਦਿ ਸੀਨੀਅਰ ਆਗੂ ਹਾਜ਼ਰ ਸਨ |