17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

4161 ਮਾਸਟਰ ਕਾਡਰ ਦੇ 253 ਅਧਿਆਪਕਾਂ ਨੂੰ ਜਾਰੀ ਟਰਮੀਨੇਸ਼ਨ ਦੇ ਸ਼ੋਅ-ਕਾਜ਼ ਨੋਟਿਸ ਤੁਰੰਤ ਵਾਪਸ ਲਵੇ ਵਿਭਾਗ-ਅਧਿਆਪਕ ਯੂਨੀਅਨ

ਅਜੀਤ ਡੈਸਕ 24-05-2026
ਫ਼ਾਜ਼ਿਲਕਾ, 23 ਮਈ(ਅਮਰਜੀਤ ਸ਼ਰਮਾ)-ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ 4161 ਮਾਸਟਰ ਕਾਡਰ ਭਰਤੀ ਵਿਚੋਂ 253 ਅਧਿਆਪਕਾਂ ਨੂੰ ਨੌਕਰੀ ਤੋਂ ਫ਼ਾਰਗ ਕਰਨ ਸਬੰਧੀ ਜਾਰੀ ਕੀਤੇ ਗਏ ਸ਼ੋਅ-ਕਾਜ਼ ਨੋਟਿਸਾਂ ਦਾ ਮਾਮਲਾ ਪੂਰੀ ਤਰ੍ਹਾਂ ਭਖ ਗਿਆ ਹੈ | ਇਸ ਕਾਰਵਾਈ ਵਿਰੁੱਧ ਰੋਸ ਪ੍ਰਗਟ ਕਰਦਿਆਂ 'ਈ.ਟੀ.ਟੀ. ਟੈਟ ਪਾਸ ਅਧਿਆਪਕ ਯੂਨੀਅਨ 6505' ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਵਿਭਾਗ ਇਨ੍ਹਾਂ ਨੋਟਿਸਾਂ ਨੂੰ ਤੁਰੰਤ ਪ੍ਰਭਾਵ ਤੋਂ ਵਾਪਸ ਲਵੇ | ਯੂਨੀਅਨ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਇਮਾਨਦਾਰੀ ਨਾਲ ਸੇਵਾਵਾਂ ਦੇ ਰਹੇ ਇਨ੍ਹਾਂ ਅਧਿਆਪਕਾਂ ਦਾ ਬਿਨਾਂ ਕਿਸੇ ਕਸੂਰ ਦੇ ਰੋਜ਼ਗਾਰ ਖੋਹਣਾ ਮਨੁੱਖੀ ਅਧਿਕਾਰਾਂ ਅਤੇ ਮੁਲਾਜ਼ਮਾਂ ਨਾਲ ਸਰਾਸਰ ਧੱਕਾ ਹੈ | ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰਮੁੱਖ ਆਗੂਆਂ ਮਨੋਜ ਬਤਰਾ, ਸੁਖਵਿੰਦਰ ਸਿੱਧੂ, ਸੁਨੀਲ ਗਾਂਧੀ ਅਤੇ ਇਨਕਲਾਬ ਗਿੱਲ ਨੇ ਦੱਸਿਆ ਕਿ ਵਿਭਾਗ ਨੇ ਪੁਰਾਣੇ ਸੇਵਾ ਨਿਭਾ ਰਹੇ 253 ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਦੇ ਸ਼ੋਅ-ਕਾਜ਼ ਨੋਟਿਸ ਜਾਰੀ ਕਰ ਦਿੱਤੇ ਹਨ | ਪੀੜਤ ਅਧਿਆਪਕਾਂ ਦੀ ਨੌਕਰੀ ਨੂੰ ਸੁਰੱਖਿਅਤ ਰੱਖਣ ਅਤੇ ਇਨਸਾਫ਼ ਦੀ ਮੰਗ ਨੂੰ ਲੈ ਕੇ ਯੂਨੀਅਨ ਦੇ ਇਕ ਵਫ਼ਦ ਵਲੋਂ ਹਲਕਾ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੇ ਨਾਂਅ ਵਿਸ਼ੇਸ਼ ਮੰਗ ਪੱਤਰ ਸੌਂਪਿਆ ਗਿਆ | ਇਸ ਮੰਗ ਪੱਤਰ ਰਾਹੀਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਗਈ ਹੈ ਕਿ ਵਿਭਾਗ ਦੀ ਆਪਣੀ ਗ਼ਲਤੀ ਦਾ ਖ਼ਮਿਆਜ਼ਾ ਅਧਿਆਪਕਾਂ ਨੂੰ ਨਾ ਭੁਗਤਣਾ ਪਵੇ ਅਤੇ ਇਨ੍ਹਾਂ ਸਾਰੇ ਪੀੜਤ ਅਧਿਆਪਕਾਂ ਦੀਆਂ ਨੌਕਰੀਆਂ ਨੂੰ ਵਿਸ਼ੇਸ਼ ਕਾਨੂੰਨ ਜਾਂ ਅਡਜਸਟਮੈਂਟ ਰਾਹੀਂ ਸੁਰੱਖਿਅਤ ਰੱਖਿਆ ਜਾਵੇ |
ਪਿਛਲੀ ਖ਼ਬਰ ਪਾਣੀ ਦੀ ਬੱਚਤ ਲਈ ਕਿਸਾਨਾਂ ਨੂੰ ਘੱਟ ਸਮੇਂ 'ਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਬੀਜਣ ਦੀ ਸਲਾਹ ਦਿੱਤੀ ਅਗਲੀ ਖ਼ਬਰ ਅਬੋਹਰ ਇਲਾਕੇ 'ਚ ਗਰਮੀ ਦੇ ਕਹਿਰ ਨਾਲ ਕਿੰਨੂ ਤੇ ਮਾਲਟੇ ਦੇ ਬਾਗ਼ ਝੁਲਸਣ ਲੱਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।