ਅਬੋਹਰ, 3 ਜੂਨ (ਸੁਖਜੀਤ ਸਿੰਘ ਬਰਾੜ, ਵਿਵੇਕ ਹੂੜੀਆ)-ਪੰਜਾਬ ਰਾਜ ਵਿਚ ਭਾਰਤੀ ਚੋਣ ਕਮਿਸ਼ਨ ਵਲੋਂ ਚਲਾਈ ਜਾ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਅਬੋਹਰ ਪ੍ਰਸ਼ਾਸਨ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ | ਉਪ ਮੰਡਲ ਮੈਜਿਸਟਰੇਟ ਅਬੋਹਰ-ਕਮ-ਚੋਣਕਾਰ ਰਜਿਸਟਰੇਸ਼ਨ ਅਫ਼ਸਰ ਰਵਿੰਦਰ ਸਿੰਘ ਅਰੋੜਾ ਵਲੋਂ ਸਮੂਹ ਸੈਕਟਰ ਸੁਪਰਵਾਇਜ਼ਰਾਂ ਅਤੇ ਬੀ.ਐਲ.ਓਜ਼ ਨਾਲ ਇਕ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਐੱਸ.ਡੀ.ਐਮ ਅਰੋੜਾ ਨੇ ਵੋਟਰ ਸੂਚੀਆਂ ਦੀ ਸੁਧਾਈ, ਪ੍ਰੀ-ਮੈਪਿੰਗ ਦੌਰਾਨ ਰਹਿ ਗਏ ਵੋਟਰਾਂ ਦੇ ਰਿਕਾਰਡ ਦੇ ਮਿਲਾਣ ਅਤੇ ਘਰ-ਘਰ ਜਾ ਕੇ ਕੀਤੀ ਜਾਣ ਵਾਲੀ ਗਣਨਾ ਸਬੰਧੀ ਅਹਿਮ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ | ਉਨ੍ਹਾਂ ਦੱਸਿਆ ਕਿ ਪ੍ਰੀ-ਮੈਪਿੰਗ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਦੇ ਮਕਸਦ ਨਾਲ 7 ਜੂਨ ਨੂੰ ਹਲਕੇ ਦੇ ਸਾਰੇ ਪੋਲਿੰਗ ਸਟੇਸ਼ਨਾਂ ਉੱਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ | ਇਹ ਕੈਂਪ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲਣਗੇ, ਜਿੱਥੇ ਬੀ.ਐਲ.ਓਜ ਵਲੋਂ ਮੌਜੂਦ ਰਹਿ ਕੇ ਪ੍ਰੀ-ਮੈਪਿੰਗ ਦੇ ਕਾਰਜ ਵਿਚ ਵੋਟਰਾਂ ਦੀ ਸਹਾਇਤਾ ਕੀਤੀ ਜਾਵੇਗੀ | ਉਨ੍ਹਾਂ ਸਮੂਹ ਨਾਗਰਿਕਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ | ?ਉਨ੍ਹਾਂ ਨੇ ਦੱਸਿਆ ਕਿ ਪੰਜਾਬ 'ਚ ਐੱਸ.ਆਈ.ਆਰ. ਅਧੀਨ ਘਰ-ਘਰ ਜਾ ਕੇ ਵੋਟਰਾਂ ਦੀ ਗਣਨਾ ਦਾ ਕੰਮ 25 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ | ਇਸ ਤੋਂ ਪਹਿਲਾਂ ਪ੍ਰੀ-ਮੈਪਿੰਗ ਦੌਰਾਨ ਜਿਨ੍ਹਾਂ ਵੋਟਰਾਂ ਦੇ ਰਿਕਾਰਡ ਦਾ ਮਿਲਾਣ ਨਹੀਂ ਹੋਇਆ ਹੈ, ਉਨ੍ਹਾਂ ਦੇ ਵੇਰਵਿਆਂ ਦੀ ਪੁਸ਼ਟੀ ਕਰਨ ਲਈ ਚੋਣ ਅਧਿਕਾਰੀ ਵੋਟਰਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਨਗੇ | ਜੇਕਰ ਕੋਈ ਵੋਟਰ ਪ੍ਰੀ-ਐਸ.ਆਈ.ਆਰ ਮੁਹਿੰਮ ਦੌਰਾਨ ਮੈਪਿੰਗ ਤੋਂ ਰਹਿ ਜਾਂਦਾ ਹੈ, ਤਾਂ ਉਸ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ, ਚੋਣ ਅਧਿਕਾਰੀਆਂ ਵਲੋਂ ਉਸ ਦੇ ਵੇਰਵਿਆਂ ਦੀ ਪੁਸ਼ਟੀ ਕਰਕੇ ਵੋਟ ਮੈਪ ਕੀਤੀ ਜਾਵੇਗੀ | ਉਨ੍ਹਾਂ ਰਾਜਨੀਤਿਕ ਪਾਰਟੀਆਂ ਨੂੰ ਬੀ.ਐਲ.ਏ.2 ਨਿਯੁਕਤ ਕਰਨ ਦੀ ਅਪੀਲ ਕੀਤੀ ਕਿ ਉਹ ਬੀ.ਐਲ.ਏ 2 ਦੀ ਨਿਯੁਕਤੀ ਦੇ ਕਾਰਜ ਵਿਚ ਤੇਜ਼ੀ ਲਿਆਉਣ ਕਿਉਂਕਿ ਐੱਸ.ਆਈ.ਆਰ. ਪ੍ਰਕਿਰਿਆ ਦੌਰਾਨ ਉਨ੍ਹਾਂ ਦੀ ਭੂਮਿਕਾ ਬਹੁਤ ਅਹਿਮ ਹੈ | ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਦਾ ਖਰੜਾ 3 ਅਗਸਤ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ ਅਤੇ ਇਸ ਸਬੰਧੀ ਦਾਅਵੇ 'ਤੇ ਇਤਰਾਜ਼ 3 ਅਗਸਤ ਤੋਂ 2 ਸਤੰਬਰ ਤੱਕ ਲਏ ਜਾਣਗੇ, ਜਿਨ੍ਹਾਂ ਦਾ ਨਿਪਟਾਰਾ 28 ਸਤੰਬਰ ਤੱਕ ਕੀਤਾ ਜਾਵੇਗਾ | ਇਸ ਮੌਕੇ ਚੋਣ ਦਫ਼ਤਰ ਤੋਂ ਰਾਜਕੁਮਾਰ, ਪੂਰਣਿਮਾ, ਪਵਨ ਕੁਮਾਰ, ਗੌਤਮ ਗੌਡ, ਤੇਜਿੰਦਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ |