07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਵਿਗਿਆਨ ਸਿੱਖਿਆ 'ਚ ਸ਼ਾਨਦਾਰ ਯੋਗਦਾਨ ਪਾਉਂਦਿਆਂ ਕੁਮਾਰੀ ਪਿ੍ਅੰਕਾ ਰਾਣੀ ਨੇ ਦੂਜੇ ਸਕੂਲਾਂ ਦੇ ਅਧਿਆਪਕਾਂ ਦੀ ਕੀਤੀ ਅਗਵਾਈ

ਅਜੀਤ ਡੈਸਕ 04-06-2026
ਅਬੋਹਰ,3 ਜੂਨ (ਵਿਵੇਕ ਹੂੜੀਆ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਖੂਈਆਂ ਸਰਵਰ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਸਕੂਲ ਦੀ ਸੀਨੀਅਰ ਅਕੈਡਮਿਕ ਕੋਆਰਡੀਨੇਟਰ ਕੁਮਾਰੀ ਪਿ੍ਅੰਕਾ ਰਾਣੀ ਨੂੰ ਡੀ.ਏ.ਵੀ.ਐਡਵਰਡ ਗੰਜ ਪਬਲਿਕ ਸਕੂਲ ਮਲੋਟ ਵਿਖੇ ਆਯੋਜਿਤ ਦੋ ਰੋਜ਼ਾ ਸੀ.ਬੀ.ਐੱਸ.ਈ. ਸਮਰੱਥਾ ਨਿਰਮਾਣ ਪ੍ਰੋਗਰਾਮ ਵਿਚ ਰਿਸੋਰਸ ਪਰਸਨ ਵਜੋਂ ਸੱਦਿਆ ਗਿਆ | ਸੀ.ਬੀ.ਐੱਸ.ਈ ਦੀ ਸਰਪ੍ਰਸਤੀ ਹੇਠ ਕਰਵਾਈ ਗਈ ਇਸ ਵਰਕਸ਼ਾਪ ਵਿਚ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਹਿੱਸਾ ਲਿਆ | ਇਸ ਮੌਕੇ ਕੁਮਾਰੀ ਪਿ੍ਅੰਕਾ ਰਾਣੀ ਨੇ ਹਾਜ਼ਰ ਅਧਿਆਪਕਾਂ ਨਾਲ ਵਿਗਿਆਨ ਪੜ੍ਹਾਉਣ ਦੇ ਨਵੇਂ ਤਰੀਕੇ, ਗਤੀਵਿਧੀ-ਆਧਾਰਿਤ ਸਿੱਖਿਆ, ਪ੍ਰਯੋਗਾਤਮਿਕ ਪਹੁੰਚ ਅਤੇ ਜਮਾਤ ਦੀ ਪੜ੍ਹਾਈ ਨੂੰ ਵਧੇਰੇ ਦਿਲਚਸਪ ਤੇ ਨਤੀਜਾ-ਮੁਖੀ ਬਣਾਉਣ ਦੇ ਪ੍ਰਭਾਵਸ਼ਾਲੀ ਨੁਕਤੇ ਸਾਂਝੇ ਕੀਤੇ | ਵਰਕਸ਼ਾਪ ਦੌਰਾਨ ਅਧਿਆਪਕਾਂ ਨੂੰ ਵਿਗਿਆਨ ਵਿਸ਼ੇ ਦੇ ਸੰਕਲਪਾਂ ਨੂੰ ਸਰਲ, ਵਿਹਾਰਕ ਅਤੇ ਰੋਜ਼ਾਨਾ ਜ਼ਿੰਦਗੀ ਨਾਲ ਜੋੜ ਕੇ ਪੜ੍ਹਾਉਣ ਦੇ ਵੱਖ-ਵੱਖ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ | ਉਨ੍ਹਾਂ ਦੇ ਵਿਚਾਰਾਂ ਅਤੇ ਪੇਸ਼ਕਾਰੀ ਦੀ ਹਾਜ਼ਰ ਅਧਿਆਪਕਾਂ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ | ਇੰਪੀਰੀਅਲ ਸਕੂਲ ਦੇ ਪਿ੍ੰਸੀਪਲ ਰਵੀ ਕੁਮਾਰ ਨੇ ਇਸ ਸਫਲਤਾ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇੱਕ ਉੱਤਮ ਅਧਿਆਪਕ ਸਿਰਫ਼ ਵਿਦਿਆਰਥੀਆਂ ਨੂੰ ਹੀ ਨਹੀਂ ਪੜ੍ਹਾਉਂਦਾ, ਸਗੋਂ ਦੂਜੇ ਅਧਿਆਪਕਾਂ ਨੂੰ ਵੀ ਪ੍ਰੇਰਿਤ ਕਰਦਾ ਹੈ | ਕੁਮਾਰੀ ਪਿ੍ਅੰਕਾ ਰਾਣੀ ਦਾ ਸੀ.ਬੀ.ਐੱਸ.ਈ. ਮੰਚ 'ਤੇ ਰਿਸੋਰਸ ਪਰਸਨ ਵਜੋਂ ਯੋਗਦਾਨ ਇਸ ਗੱਲ ਦਾ ਸਬੂਤ ਹੈ ਕਿ ਸਿੱਖਣ ਅਤੇ ਸਿਖਾਉਣ ਦਾ ਸਫ਼ਰ ਕਦੇ ਰੁਕਦਾ ਨਹੀਂ ਹੈ | ਸਕੂਲ ਦੇ ਡਾਇਰੈਕਟਰ ਸੁਖਵਿੰਦਰ ਪਾਲ ਨੇ ਕਿਹਾ ਕਿ ਜਦੋਂ ਸਾਡੇ ਅਧਿਆਪਕ ਆਪਣੇ ਗਿਆਨ ਅਤੇ ਅਨੁਭਵ ਨਾਲ ਦੂਜੇ ਅਧਿਆਪਕਾਂ ਨੂੰ ਅਮੀਰ ਬਣਾਉਂਦੇ ਹਨ, ਉਦੋਂ ਹੀ ਸਿੱਖਿਆ ਦਾ ਅਸਲ ਉਦੇਸ਼ ਪੂਰਾ ਹੁੰਦਾ ਹੈ | ਇਹ ਪ੍ਰਾਪਤੀ ਦਰਸਾਉਂਦੀ ਹੈ ਕਿ ਇੰਪੀਰੀਅਲ ਸਕੂਲ ਸਿਰਫ਼ ਵਿਦਿਆਰਥੀਆਂ ਦੇ ਵਿਕਾਸ ਤੱਕ ਸੀਮਤ ਨਹੀਂ ਹੈ, ਸਗੋਂ ਸਿੱਖਿਆ ਜਗਤ ਵਿਚ ਸਕਾਰਾਤਮਿਕ ਤਬਦੀਲੀ ਦਾ ਹਿੱਸੇਦਾਰ ਵੀ ਹੈ | ਸਕੂਲ ਪਰਿਵਾਰ ਵਲੋਂ ਕੁਮਾਰੀ ਪਿ੍ਅੰਕਾ ਰਾਣੀ ਨੂੰ ਇਸ ਵਿਸ਼ੇਸ਼ ਪ੍ਰਾਪਤੀ 'ਤੇ ਹਾਰਦਿਕ ਵਧਾਈ ਦਿੱਤੀ ਗਈ |
ਪਿਛਲੀ ਖ਼ਬਰ ਭਾਜਪਾ ਆਗੂ ਤੇ ਕਾਰੋਬਾਰੀ ਵਿਜੇ ਸੋਨੀ 'ਤੇ ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਗੋਲੀਆਂ <br/> ਅਗਲੀ ਖ਼ਬਰ ਐੱਸ.ਡੀ.ਐਮ ਰਵਿੰਦਰ ਸਿੰਘ ਅਰੋੜਾ ਵਲੋਂ ਸੈਕਟਰ ਸੁਪਰਵਾਈਜ਼ਰਾਂ ਅਤੇ ਬੀ.ਐਲ ਓਜ਼ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।