ਕੋਟਲੀ ਸੂਰਤ ਮੱਲੀ, 3 ਜੂਨ (ਕੁਲਦੀਪ ਸਿੰਘ ਨਾਗਰਾ)-ਅੱਜ ਦੇਰ ਸ਼ਾਮ ਭਾਜਪਾ ਦੇ ਜ਼ਿਲ੍ਹਾ ਟਰੇਡ ਸੈੱਲ ਦੇ ਕਨਵੀਨਰ ਤੇ ਉੱਘੇ ਕਾਰੋਬਾਰੀ ਵਿਜੇ ਕੁਮਾਰ ਸੋਨੀ ਤੇ ਮੋਟਰਸਾਈਕਲ ਸਵਾਰ ਆਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਦਕਿ ਅਗੋਂ ਵਿਜੇ ਕੁਮਾਰ ਸੋਨੀ ਵਲੋਂ ਵੀ ਆਪਣੇ ਲਾਇਸੰਸੀ ਰਿਵਾਲਵਰ ਨਾਲ ਫਾਇਰ ਕਰਨ ਕਰਕੇ ਉਨ੍ਹਾਂ ਦਾ ਬਚਾਅ ਹੋ ਗਿਆ | ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਐਸ.ਐਚ.ਓ. ਗੁਰਦਰਸ਼ਨ ਸਿੰਘ ਕੰਗ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ | ਇਸ ਮੌਕੇ ਵਿਜੇ ਕੁਮਾਰ ਸੋਨੀ ਨੇ ਦੱਸਿਆ ਕਿ ਅੱਜ ਦੇਰ ਸ਼ਾਮ ਜਦੋਂ ਉਹ ਆਪਣੇ ਪੈਟਰੋਲ ਪੰਪ ਕੋਟਲੀ ਸੂਰਤ ਮੱਲੀ ਤੋਂ ਆਪਣੀ ਕਾਰ 'ਤੇ ਸਵਾਰ ਹੋ ਕੇ ਆਪਣੇ ਘਰ ਨੂੰ ਜਾ ਰਹੇ ਸਨ | ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਲੋਂ ਉਨ੍ਹਾਂ 'ਤੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਸੋਨੀ ਨੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਉਂਦਿਆਂ ਜਵਾਬੀ ਫਾਇਰ ਕੀਤੇ, ਜਿਸ ਕਾਰਨ ਉਕਤ ਨੌਜਵਾਨ ਫਰਾਰ ਹੋ ਗਏ | ਸੋਨੀ ਨੇ ਦੱਸਿਆ ਕਿ ਉਸ ਦੀ ਗੱਡੀ 'ਚ ਵੀ ਤਿੰਨ ਗੋਲੀਆਂ ਵੱਜੀਆਂ | ਅੱਜ ਸ਼ਾਮ ਉਸ ਦੇ ਫੋਨ 'ਤੇ ਧਮਕੀਆਂ ਭਰੇ ਮੈਸੇਜ ਆ ਰਹੇ ਸਨ ਕਿ ਤੂੰ ਬਹੁਤ ਕੰਮ ਕਰ ਰਿਹਾ ਹੈ ਜਿਹੜਾ ਕਿ ਚੰਗਾ ਨਹੀਂ ਹੈ | ਉਸ ਨੇ ਦੱਸਿਆ ਕਿ ਉਸ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਬਹੁਤ ਗੂੜੇ ਸੰਬੰਧ ਹਨ ਤੇ ਉਹ ਭਾਜਪਾ ਦੀ ਮਜਬੂਤੀ ਲਈ ਦਿਨ ਰਾਤ ਕੰਮ ਕਰ ਰਿਹਾ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ |
ਭਾਜਪਾ ਆਗੂ ਤੇ ਕਾਰੋਬਾਰੀ ਵਿਜੇ ਸੋਨੀ 'ਤੇ ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਗੋਲੀਆਂ <br/>
ਅਜੀਤ ਡੈਸਕ
04-06-2026