ਫ਼ਾਜ਼ਿਲਕਾ, 3 ਜੂਨ (ਅਮਰਜੀਤ ਸ਼ਰਮਾ)-ਸਥਾਨਕ ਕੈਂਟ ਰੋਡ 'ਤੇ ਸਥਿਤ ਸਵਾਮੀ ਵਿਵੇਕਾਨੰਦ ਆਈ.ਟੀ.ਆਈ.ਵਿਖੇ ਵਿਦਿਆਰਥੀਆਂ ਨੂੰ ਅੱਤ ਦੀ ਪੈ ਰਹੀ ਗਰਮੀ ਅਤੇ ਲੂ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਅਤੇ ਜਾਗਰੂਕ ਕਰਨ ਦੇ ਮਕਸਦ ਨਾਲ ਇਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਡਾ.ਲੇਖ ਰਾਜ ਕੰਬੋਜ ਅਤੇ ਡਾ.ਆਰ.ਪੀ.ਸਿੰਘ ਨੇ ਵਿਸ਼ੇਸ਼ ਰੂਪ ਵਿਚ ਸ਼ਿਰਕਤ ਕੀਤੀ | ਇਸ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਤਿੱਖੀ ਗਰਮੀ ਦੌਰਾਨ ਆਪਣੀ ਸਿਹਤ ਦੀ ਸੰਭਾਲ ਕਰਨ ਅਤੇ ਹੀਟ ਵੇਵ ਤੋਂ ਬਚਣ ਲਈ ਕਈ ਮਹੱਤਵਪੂਰਨ ਤੇ ਜ਼ਰੂਰੀ ਨੁਕਤੇ ਸਾਂਝੇ ਕੀਤੇ ਗਏ | ਸੈਮੀਨਾਰ ਦੌਰਾਨ ਡਾ.ਲੇਖ ਰਾਜ ਕੰਬੋਜ ਅਤੇ ਡਾ.ਆਰ.ਪੀ.ਸਿੰਘ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਆਦਾ ਧੁੱਪ ਹੋਣ 'ਤੇ ਬਿਨਾਂ ਵਜਾ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ | ਸਰੀਰ ਵਿਚ ਪਾਣੀ ਦੀ ਕਮੀ ਨਾ ਹੋਣ ਦੇਣ ਲਈ ਵੱਧ ਤੋਂ ਵੱਧ ਪਾਣੀ, ਲੱਸੀ ਅਤੇ ਹੋਰ ਤਰਲ ਪਦਾਰਥਾਂ ਦਾ ਸੇਵਨ ਕੀਤਾ ਜਾਵੇ | ਇਸ ਤੋਂ ਇਲਾਵਾ ਹਲਕੇ ਰੰਗ ਦੇ ਸੂਤੀ ਕੱਪੜੇ ਪਹਿਨਣ, ਬਾਹਰ ਜਾਂਦੇ ਸਮੇਂ ਸਿਰ ਅਤੇ ਮੂੰਹ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਣ ਦੀ ਸਲਾਹ ਦਿੱਤੀ ਗਈ | ਸਿਹਤਮੰਦ ਰਹਿਣ ਲਈ ਠੰਡੀ ਅਤੇ ਤਾਜ਼ਾ ਖ਼ੁਰਾਕ ਖਾਣ 'ਤੇ ਵੀ ਜ਼ੋਰ ਦਿੱਤਾ ਗਿਆ | ਵਿਦਿਆਰਥੀਆਂ ਨੂੰ ਇਹ ਵੀ ਖ਼ਾਸ ਤੌਰ 'ਤੇ ਦੱਸਿਆ ਗਿਆ ਕਿ ਹੀਟ ਵੇਵ ਦੌਰਾਨ ਕਿਹੜੀਆਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਜਿਵੇਂ ਕਿ ਕਦੇ ਵੀ ਖ਼ਾਲੀ ਪੇਟ ਤਿੱਖੀ ਧੁੱਪ ਵਿਚ ਬਾਹਰ ਨਾ ਜਾਓ, ਜ਼ਿਆਦਾ ਸਮੇਂ ਤੱਕ ਸਿੱਧੀ ਧੁੱਪ ਦੇ ਸੰਪਰਕ ਵਿਚ ਨਾ ਰਹੋ ਅਤੇ ਦੁਪਹਿਰ ਵੇਲੇ ਬਿਨਾਂ ਲੋੜ ਤੋਂ ਭਾਰੀ ਮਸ਼ੱਕਤ ਵਾਲਾ ਕੰਮ ਨਾ ਕੀਤਾ ਜਾਵੇ | ਇਸ ਮੌਕੇ ਸੰਸਥਾ ਦੇ ਮੁਖੀ ਮਨਜੀਤ ਸਵਾਮੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਬਦਲਦੇ ਮੌਸਮ ਅਤੇ ਭਿਆਨਕ ਗਰਮੀ ਦੌਰਾਨ ਥੋੜ੍ਹੀ ਜਿਹੀ ਸਾਵਧਾਨੀ ਸਾਨੂੰ ਵੱਡੀ ਬਿਮਾਰੀ ਤੋਂ ਬਚਾ ਸਕਦੀ ਹੈ, ਇਸ ਲਈ ਸਾਰੇ ਵਿਦਿਆਰਥੀ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣ | ਇਸ ਸੈਮੀਨਾਰ ਵਿਚ ਆਈ.ਟੀ.ਆਈ. ਦਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ | ਅੰਤ ਵਿਚ ਵਿਦਿਆਰਥੀਆਂ ਨੇ ਇਸ ਸੈਮੀਨਾਰ ਨੂੰ ਬੇਹੱਦ ਲਾਭਦਾਇਕ ਅਤੇ ਸਮੇਂ ਦੀ ਮੁੱਖ ਲੋੜ ਦੱਸਿਆ |