31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਫ਼ਾਜ਼ਿਲਕਾ ਦੀ ਇਤਿਹਾਸਕ ਵਿਰਾਸਤੀ ਇਮਾਰਤ 'ਚੌਂਕ ਘੰਟਾਘਰ' ਦਾ 87ਵਾਂ ਸਥਾਪਨਾ ਦਿਵਸ ਮਨਾਇਆ

ਅਜੀਤ ਡੈਸਕ 06-06-2026
ਫ਼ਾਜ਼ਿਲਕਾ, 5 ਜੂਨ (ਦਵਿੰਦਰ ਪਾਲ ਸਿੰਘ)-ਅੰਗਰੇਜ਼ਾਂ ਦੇ ਸਮੇਂ ਹੋਂਦ ਵਿਚ ਆਈ ਫ਼ਾਜ਼ਿਲਕਾ ਦੀ ਇਤਿਹਾਸਕ ਵਿਰਾਸਤੀ ਇਮਾਰਤ 'ਚੌਂਕ ਘੰਟਾਘਰ' ਦਾ 87ਵਾਂ ਸਥਾਪਨਾ ਦਿਵਸ ਮਨਾਇਆ ਗਿਆ | ਇਸ ਵਿਸ਼ੇਸ਼ ਮੌਕੇ 'ਤੇ ਆਯੋਜਿਤ ਪ੍ਰੋਗਰਾਮ ਵਿਚ ਫ਼ਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਇਤਿਹਾਸਕ ਘੰਟਾਘਰ ਦਾ ਉਦਘਾਟਨ 6 ਜੂਨ 1939 ਨੂੰ ਹੋਇਆ ਸੀ | ਉਸ ਸਮੇਂ ਇਸ ਦੀ ਉਸਾਰੀ 'ਤੇ ਮਹਿਜ਼ 10,200 ਰੁਪਏ ਦੀ ਲਾਗਤ ਆਈ ਸੀ | ਪੇੜੀਵਾਲ ਪਰਿਵਾਰ ਅਨੁਸਾਰ ਇਸ ਦਾ ਨਿਰਮਾਣ ਦਾਦਾ ਸ਼ਯੋਪਤ ਰਾਏ ਪੇੜੀਵਾਲ ਨੇ ਆਪਣੇ ਚਚੇਰੇ ਭਰਾ ਰਾਮ ਨਰਾਇਣ ਪੇੜੀਵਾਲ ਦੀ ਯਾਦ ਵਿਚ ਕਰਵਾਇਆ ਸੀ, ਜਿਸ ਕਾਰਨ ਇਸ ਦਾ ਨਾਮ ਰਾਮ ਨਰਾਇਣ ਪੇੜੀਵਾਲ ਦੇ ਨਾਮ 'ਤੇ ਰੱਖਿਆ ਗਿਆ ਹੈ | ਇਸ ਇਮਾਰਤ ਦੀ ਖ਼ਾਸ ਗੱਲ ਇਹ ਹੈ ਕਿ ਜਿੱਥੇ ਇਹ ਖੜ੍ਹਾ ਹੈ, ਉੱਥੇ ਪਹਿਲਾਂ ਇਕ ਖੂਹ ਹੁੰਦਾ ਸੀ | ਆਰਕੀਟੈਕਟ ਨੇ ਉਸ ਖੂਹ ਨੂੰ ਬੰਦ ਕੀਤੇ ਬਿਨਾਂ, ਘੰਟਾਘਰ ਦੀ ਨੀਂਹ ਨੂੰ ਖੂਹ ਜਿੰਨੀ ਡੂੰਘੀ ਰੱਖ ਕੇ ਇਸ ਦਾ ਢਾਂਚਾ ਤਿਆਰ ਕੀਤਾ ਸੀ | 95 ਫੁੱਟ ਉੱਚੇ ਇਸ ਘੰਟਾਘਰ ਦਾ ਸਿੱਧਾ ਸਬੰਧ ਸਰਹੱਦ ਪਾਰ ਪਾਕਿਸਤਾਨ ਨਾਲ ਵੀ ਹੈ | ਇਸ ਇਮਾਰਤ ਨੂੰ ਬਣਾਉਣ ਵਾਲੇ ਆਰਕੀਟੈਕਟ ਅਤੇ ਰਾਜ ਮਿਸਤਰੀ ਨੇ ਬਿਲਕੁਲ ਅਜਿਹਾ ਹੀ ਇਕ ਘੰਟਾਘਰ ਪਾਕਿਸਤਾਨ ਦੇ ਲਾਇਲਪੁਰ ਵਿਚ ਵੀ ਬਣਾਇਆ ਸੀ | ਦਿਲਚਸਪ ਗੱਲ ਇਹ ਹੈ ਕਿ ਫ਼ਾਜ਼ਿਲਕਾ ਅਤੇ ਲਾਇਲਪੁਰ, ਦੋਵਾਂ ਥਾਵਾਂ ਦੇ ਘੰਟਾ ਘਰਾਂ ਦਾ ਉਦਘਾਟਨ ਇੱਕੋ ਦਿਨ ਯਾਨੀ 6 ਜੂਨ 1939 ਨੂੰ ਕੀਤਾ ਗਿਆ ਸੀ | ਅੱਜ ਇਹ ਇਤਿਹਾਸਕ ਵਿਰਾਸਤ ਪੰਜਾਬ ਵਿਧਾਨ ਸਭਾ ਦੀ ਆਰਟ ਗੈਲਰੀ ਦੀ ਸ਼ਾਨ ਵਧਾਉਣ ਦੇ ਨਾਲ-ਨਾਲ ਪੂਰੇ ਦੇਸ਼ ਦਾ ਮਾਣ ਹੈ | ਸਥਾਪਨਾ ਦਿਵਸ ਸਮਾਰੋਹ ਦੌਰਾਨ ਸਥਾਨਕ ਨਿਵਾਸੀਆਂ ਨੇ ਡਿਪਟੀ ਕਮਿਸ਼ਨਰ ਅੱਗੇ ਘੰਟਾਘਰ ਦੀ ਘੜੀ ਦੇ ਖ਼ਰਾਬ ਹੋਣ ਦਾ ਮੁੱਦਾ ਚੁੱਕਿਆ | ਲੋਕਾਂ ਨੇ ਦੱਸਿਆ ਕਿ ਤਕਨੀਕੀ ਖ਼ਰਾਬੀ ਕਾਰਨ ਘੜੀ ਕਦੇ ਚੱਲਦੀ ਹੈ ਅਤੇ ਕਦੇ ਰੁਕ ਜਾਂਦੀ ਹੈ | ਡਿਪਟੀ ਕਮਿਸ਼ਨਰ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦੀ ਹੀ ਘੜੀ ਦੀ ਮੁਰੰਮਤ ਕਰਵਾਉਣ ਅਤੇ ਇਸ ਦੇ ਸਥਾਈ ਹੱਲ ਦਾ ਭਰੋਸਾ ਦਿੱਤਾ | ਡਿਪਟੀ ਕਮਿਸ਼ਨਰ ਨੇ ਘੰਟਾਘਰ ਨੂੰ ਫ਼ਾਜ਼ਿਲਕਾ ਦੀ ਆਤਮਾ ਅਤੇ ਸਭ ਤੋਂ ਵੱਡੀ ਸ਼ਾਨ ਦੱਸਦਿਆਂ ਕਿਹਾ ਕਿ ਪ੍ਰਸ਼ਾਸਨ ਇਸ ਦੀ ਸੁੰਦਰਤਾ ਅਤੇ ਇਤਿਹਾਸਕ ਮਹੱਤਵ ਨੂੰ ਬਰਕਰਾਰ ਰੱਖਣ ਲਈ ਹਮੇਸ਼ਾ ਯਤਨਸ਼ੀਲ ਹੈ | ਉਨ੍ਹਾਂ ਲੋਕਾਂ ਦੀ ਸ਼ਲਾਘਾ ਕਰਦਿਆਂ ਅਪੀਲ ਕੀਤੀ ਕਿ ਉਹ ਇਸ ਵਿਰਾਸਤ ਨੂੰ ਸੰਭਾਲਣ ਵਿਚ ਪ੍ਰਸ਼ਾਸਨ ਦਾ ਸਹਿਯੋਗ ਦੇਣ |
ਪਿਛਲੀ ਖ਼ਬਰ ਟੈਕਨੀਕਲ ਸਰਵਿਸਿਜ਼ ਯੂਨੀਅਨ ਵਲੋਂ ਰੋਸ ਧਰਨਾ ਅਤੇ ਰੋਸ ਮਾਰਚ ਦਾ ਐਲਾਨ ਅਗਲੀ ਖ਼ਬਰ ਇਰਾਦਾ ਕਤਲ ਦੇ ਬਹੁਚਰਚਿਤ ਮਾਮਲੇ 'ਚੋਂ ਬਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।