ਜਲਾਲਾਬਾਦ, 5 ਜੂਨ (ਜਤਿੰਦਰ ਪਾਲ ਸਿੰਘ)-ਟੈਕਨੀਕਲ ਸਰਵਿਸਿਜ਼ ਯੂਨੀਅਨ ਮੰਡਲ ਜਲਾਲਾਬਾਦ ਨੇ ਸਾਥੀ ਸ਼ੇਰ ਸਿੰਘ ਲਾਈਨਮੈਨ ਸਬ ਡਿਵੀਜ਼ਨ ਘੁਬਾਇਆ ਦੀ ਨਾਜਾਇਜ਼ ਬਦਲੀ ਖ਼ਿਲਾਫ਼ ਵੱਡਾ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ | ਅੱਜ ਯੂਨੀਅਨ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਡਵੀਜ਼ਨ ਸਕੱਤਰ ਸੰਦੀਪ ਸੰਧਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸ਼ੇਰ ਸਿੰਘ ਦੀ ਸਿਆਸੀ ਆਧਾਰ 'ਤੇ ਕੀਤੀ ਗਈ ਬਦਲੀ ਦਾ ਮੁੱਦਾ ਗੰਭੀਰਤਾ ਨਾਲ ਵਿਚਾਰਿਆ ਗਿਆ | ਯੂਨੀਅਨ ਦਾ ਦੋਸ਼ ਹੈ ਕਿ ਕਰਮਚਾਰੀ ਸ਼ੇਰ ਸਿੰਘ ਖ਼ਿਲਾਫ਼ ਕੋਈ ਵੀ ਲਿਖਤੀ ਜਾਂ ਜ਼ੁਬਾਨੀ ਸ਼ਿਕਾਇਤ ਨਹੀਂ ਸੀ, ਫਿਰ ਵੀ ਸਿਆਸੀ ਦਬਾਅ ਹੇਠ ਬਦਲੀ ਕਰ ਦਿੱਤੀ ਗਈ | ਯੂਨੀਅਨ ਆਗੂਆਂ ਨੇ ਦੱਸਿਆ ਕਿ ਜਦੋਂ ਇਸ ਬਦਲੀ ਬਾਰੇ ਸਥਾਨਕ ਵਿਧਾਇਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਕੁੱਝ ਦਿਨਾਂ ਵਿਚ ਬਦਲੀ ਰੱਦ ਕਰਵਾ ਦਿੱਤੀ ਜਾਵੇਗੀ | ਪਰ 2 ਮਹੀਨੇ ਬੀਤਣ ਦੇ ਬਾਵਜੂਦ ਬਦਲੀ ਰੱਦ ਨਹੀਂ ਹੋਈ | ਇਸ ਦੇ ਰੋਸ ਵਜੋਂ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਹੈ ਕਿ 8 ਜੂਨ ਸੋਮਵਾਰ ਨੂੰ ਡਵੀਜ਼ਨ ਜਲਾਲਾਬਾਦ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ ਅਤੇ ਜਲਾਲਾਬਾਦ ਦੀਆਂ ਸੜਕਾਂ ਤੇ ਰੋਸ ਮਾਰਚ ਵੀ ਕੱਢਿਆ ਜਾਵੇਗਾ | ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਬਦਲੀ ਰੱਦ ਨਾ ਕੀਤੀ ਗਈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਇਸ ਦੇ ਨਿਕਲਣ ਵਾਲੇ ਸਿੱਟਿਆਂ ਦੀ ਪੂਰੀ ਜ਼ਿੰਮੇਵਾਰੀ ਸਥਾਨਕ ਵਿਧਾਇਕ ਅਤੇ ਪ੍ਰਸ਼ਾਸਨ ਦੀ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਰੋਸ ਧਰਨੇ ਵਿਚ ਵੱਖ-ਵੱਖ ਭਰਾਤਰੀ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਵੀ ਭਾਰੀ ਗਿਣਤੀ ਵਿਚ ਸ਼ਾਮਲ ਹੋਣਗੀਆਂ | ਮੀਟਿੰਗ ਵਿਚ ਕੁਲਦੀਪ ਸਿੰਘ, ਅਮਨਦੀਪ ਸਿੰਘ, ਸੰਦੀਪ ਬਾਜੇ ਕੇ, ਪਰਵਿੰਦਰ ਕੁਮਾਰ, ਕਰਨ ਸ਼ਰਮਾ, ਸੁਖਵਿੰਦਰ ਸਿੰਘ, ਸੰਦੀਪ ਮਿੱਡਾ, ਸਕੱਤਰ ਸੁਖਦੇਵ ਸਿੰਘ ਬਾਵਾ, ਸ਼ੇਰ ਸਿੰਘ, ਗੁਰਚਰਨ ਸਿੰਘ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ |